ਅਮਰੀਕਾ ‘ਚ ‘ਭੰਗ’ ਰੱਖਣ ‘ਤੇ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ, ਹਜ਼ਾਰਾਂ ਲੋਕਾਂ ਦੀ ਰਿਹਾਈ ਦੇ ਆਦੇਸ਼

ਵਾਸ਼ਿੰਗਟਨ : ਅਮਰੀਕਾ ਵਿਚ ਹੁਣ ਸੀਮਤ ਮਾਤਰਾ ਵਿੱਚ ਭੰਗ ਰੱਖਣ ਜਾਂ ਵਰਤਣ ਲਈ ਜੇਲ੍ਹ ਨਹੀਂ ਜਾਣਾ ਪਵੇਗਾ। ਨਾਲ ਹੀ ਅਜਿਹੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਲੋਕਾਂ ਨੂੰ ਵੀ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਮਾਰਿਜੁਆਨਾ ਭਾਵ ਭੰਗ ਰੱਖਣ ਦੇ ਦੋਸ਼ੀ ਹਜ਼ਾਰਾਂ ਅਮਰੀਕੀਆਂ ਨੂੰ ਮੁਆਫ਼ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਮੱਧਕਾਲੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਆਪਣੇ ਸਮਰਥਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। 

ਬਾਈਡੇਨ ਨੇ ਕਿਹਾ ਕਿ ਮੈਂ ਸਿਰਫ਼ ਭੰਗ ਰੱਖਣ ਦੇ ਸਾਰੇ ਪੁਰਾਣੇ ਅਪਰਾਧਾਂ ਲਈ ਮੁਆਫ਼ੀ ਦਾ ਐਲਾਨ ਕਰ ਰਿਹਾ ਹਾਂ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਬਣਾਉਣ ਦੀ ਗੱਲ ਨਹੀਂ ਕਹੀ।ਉਨ੍ਹਾਂ ਕਿਹਾ ਕਿ ਘੱਟ ਉਮਰ ਦੇ ਲੋਕਾਂ ਲਈ ਤਸਕਰੀ ਅਤੇ ਵੇਚਣ ‘ਤੇ ਸੀਮਾਵਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ। ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿੱਚ ਲੋਕਾਂ ਨੂੰ ਪਹਿਲਾਂ ਹੀ ਨਾ ਸਿਰਫ ਡਾਕਟਰੀ ਵਰਤੋਂ ਲਈ ਬਲਕਿ ਸ਼ੌਕ ਦੇ ਤੌਰ ‘ਤੇ ਵੀ ਭੰਗ ਖਰੀਦਣ ਦੀ ਆਗਿਆ ਹੈ। ਬੀਬੀਸੀ ਦੀਆਂ ਖ਼ਬਰਾਂ ਦੇ ਅਨੁਸਾਰ ਇੱਕ ਤਾਜ਼ਾ ਪੋਲ ਦਰਸਾਉਂਦਾ ਹੈ ਕਿ ਜ਼ਿਆਦਾਤਰ ਅਮਰੀਕੀ ਮੰਨਦੇ ਹਨ ਕਿ ਭੰਗ ਕਾਨੂੰਨੀ ਹੋਣੀ ਚਾਹੀਦੀ ਹੈ। ਬਾਈਡੇਨ ਨੇ ਕਿਹਾ ਕਿ ਭੰਗ ਰੱਖਣ ਦੇ ਦੋਸ਼ ਵਿਚ ਲੋਕਾਂ ਨੂੰ ਜੇਲ੍ਹ ਭੇਜ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਗਈਆਂ।

ਨਸਲੀ ਘੱਟ-ਗਿਣਤੀਆਂ ਸਭ ਤੋਂ ਵੱਧ ਪੀੜਤ 

ਬਾਈਡੇਨ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਵਿਵਹਾਰ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਿਸ ‘ਤੇ ਹੁਣ ਬਹੁਤ ਸਾਰੇ ਰਾਜਾਂ ਵਿੱਚ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭੰਗ ਲਈ ਜੇਲ੍ਹ ਜਾਣ ਵਾਲੇ ਨਸਲੀ ਘੱਟ ਗਿਣਤੀਆਂ ਦੀ ਗਿਣਤੀ ਕਿਤੇ ਵੱਧ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਭੰਗ ਦੀ ਵਰਤੋਂ ਨੂੰ ਲੈ ਕੇ ਅਪਰਾਧਿਕ ਨੀਤੀ ਨੂੰ ਬਦਲਣ ਲਈ ਤਿੰਨ ਕਦਮ ਚੁੱਕਣ ਜਾ ਰਿਹਾ ਹਾਂ। ਇਸ ਵਿੱਚ ਪਹਿਲਾਂ ਭੰਗ ਰੱਖਣ ਦੇ ਸਾਰੇ ਦੋਸ਼ੀਆਂ ਨੂੰ ਸੰਘੀ ਕਾਨੂੰਨ ਦੇ ਤਹਿਤ ਮੁਆਫ਼ੀ ਦਿੱਤੀ ਜਾਂਦੀ ਹੈ।
ਗੈਰ-ਕਾਨੂੰਨੀ ਖਰੀਦ-ਵੇਚ ‘ਤੇ ਰੋਕ ਜਾਰੀ 

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਟਾਰਨੀ ਜਨਰਲ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਯੋਗ ਵਿਅਕਤੀਆਂ ਦੀਆਂ ਸਜ਼ਾਵਾਂ ਨੂੰ ਖ਼ਤਮ ਕੀਤਾ ਜਾਵੇ। ਇਹ ਫ਼ੈਸਲਾ ਵੱਡੀ ਗਿਣਤੀ ਵਿੱਚ ਭੰਗ ਰੱਖਣ ਲਈ ਸਜ਼ਾ ਕੱਟ ਰਹੇ ਲੋਕਾਂ ਦੀ ਮਦਦ ਕਰੇਗਾ। ਬਾਈਡੇਨ ਦੇ ਹੁਕਮਾਂ ਤੋਂ ਬਾਅਦ ਦੇਸ਼ ਦੇ ਸਾਰੇ ਗਵਰਨਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਕੋਲ ਸੀਮਤ ਮਾਤਰਾ ਵਿੱਚ ਭੰਗ ਹੈ, ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਹਾਲਾਂਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਭੰਗ ਦੀ ਵਿਕਰੀ ਅਤੇ ਖਰੀਦ ‘ਤੇ ਪਾਬੰਦੀ ਜਾਰੀ ਰਹੇਗੀ।

Add a Comment

Your email address will not be published. Required fields are marked *