ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚੋਣ ਜਿੱਤਣ ਤੋਂ ਬਾਅਦ ਹਮਾਇਤੀਆਂ ਨੇ ਖੜਕਾਈ ਗਲਾਸੀ

ਸਾਊਥਾਲ : ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚੋਣ ਜਿੱਤਣ ਤੋਂ ਬਾਅਦ ਪੰਥਕ ਅਖਵਾਉਣ ਵਾਲੇ ਗਰੁੱਪ ਦੇ ਹਮਾਇਤੀਆਂ ਨੇ ਸ਼ਰਾਬ ਪੀ ਕੇ ਭੰਗੜੇ ਪਾਏ ਤੇ ਜਿੱਤ ਦਾ ਜਸ਼ਨ ਮਨਾਇਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ਼ਹਿਰ ਦੇ 2 ਵੱਡੇ ਗੁਰਦੁਆਰਿਆਂ ਉੱਪਰ ਹੁੰਦਾ ਹੈ। ਇਨ੍ਹਾਂ ਚੋਣਾਂ ਵਿੱਚ ਸ਼ਰਾਬ ਦੇ ਨਾਲ ਹਰ ਨਸ਼ਾ ਮਿਲਣ ਦੇ ਹਮੇਸ਼ਾ ਚਰਚੇ ਰਹੇ ਹਨ ਪਰ ਪੰਥਕ ਧਿਰਾਂ ਹਮੇਸ਼ਾ ਇਸ ਗੱਲ ਤੋਂ ਭੱਜਦੀਆਂ ਨਜ਼ਰ ਆਈਆਂ ਹਨ।

ਐਤਵਾਰ ਰਾਤ ਨੂੰ ਜਿਵੇਂ ਹੀ ਸਾਊਥਾਲ ਚੋਣਾਂ ਵਿੱਚ ‘ਪੰਥਕ’ ਪਾਰਟੀ ਦੀ ਜਿੱਤ ਦੀ ਖ਼ਬਰ ਪਹੁੰਚੀ, ਗਲਾਸੀਆਂ ਖੜਕੀਆਂ, ਭੰਗੜੇ ਪਏ ਤੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਜਸ਼ਨ ਮਨਾ ਰਹੀ ਪਾਰਟੀ ਵਿੱਚ ਉਹ ਲੋਕ ਵੀ ਸਾਹਮਣੇ ਆਏ ਜੋ ਸਾਊਥਾਲ ਈਲਿੰਗ ਦੇ ਐੱਮ.ਪੀ. ਨੂੰ ਮੰਦਾ ਬੋਲ ਰਹੇ ਸਨ। ਸਾਊਥਾਲ ਦੀ ਸੰਗਤ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਦੇ ਹਮਾਇਤੀ ਦਾਰੂ ਨਾਲ ਟੱਲੀ ਹੋਏ ਪਏ ਹਨ, ਉਹ ਪ੍ਰਚਾਰ ਕੀ ਕਰਨਗੇ। ਕੁਝ ਨੇ ਕਿਹਾ ਕਿ ਇਨ੍ਹਾਂ ਆਪਹੁਦਰੀਆਂ ਕਾਰਨ ਵਿਦੇਸ਼ਾਂ ਵਿੱਚ ਜੰਮੇ ਬੱਚੇ ਗੁਰਦੁਆਰਿਆਂ ਵੱਲ ਜਾਣ ਨੂੰ ਤਰਜੀਹ ਨਹੀਂ ਦਿੰਦੇ। ਸਾਊਥਾਲ ਦੀ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਗੁਰਦੁਆਰਿਆਂ ਦੀਆਂ ਚੋਣਾਂ ‘ਚ ਵਰਤਾਏ ਜਾਂਦੇ ਨਸ਼ੇ ‘ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *