ਜਿੱਤ ਤੋਂ ਬਾਅਦ ਰਾਜਾ ਵੜਿੰਗ ਪਰਿਵਾਰ ਨਾਲ ਹੋਏ ਲਾਈਵ

ਲੁਧਿਆਣਾ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਜਿੱਤ ਦੇ ਲਈ ਲੁਧਿਆਣਾ ਦੀ ਜਨਤਾ ਦਾ ਧੰਨਵਾਦ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਕਾਂਗਰਸ ਪਾਰਟੀ ‘ਤੇ ਭਰੋਸਾ ਕਰ ਕੇ ਰਾਜ ਦੀਆਂ 13 ਸੀਟਾਂ ਵਿਚੋਂ 7 ਦਿਵਾ ਕੇ ਸ਼ਾਨਦਾਰ ਜਿੱਤ ਦਿਵਾਈ ਹੈ ਜਿਸ ਦੇ ਲਈ ਉਹ ਧੰਨਵਾਦੀ ਹਨ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਹਮਾਇਤ ਨੂੰ ਸੇਵਾ ਅਤੇ ਵਚਨਬੱਧਤਾ ਦੇ ਨਾਲ ਕਬੂਲ ਕਰੇਗੀ। ਆਪਣੀ ਜਿੱਤ ਦੇ ਲਈ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਵਿਸ਼ੇਸ਼ ਸੁਨੇਹੇ ਵਿਚ ਵੜਿੰਗ ਨੇ ਕਿਹਾ ਕਿ ਸਿਰਫ ਪੰਜ ਸਾਲ ਹੀ ਨਹੀਂ, ਸਗੋਂ ਤੁਸੀਂ ਜੋ ਪਿਆਰ, ਸਨੇਹ ਅਤੇ ਭਰੋਸਾ ਮੇਰੇ ’ਤੇ ਕੀਤਾ ਹੈ, ਉਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਦੀ ਜਨਤਾ ਨੇ ਆਪਣਾ ਸੰਸਦ ਮੈਂਬਰ ਚੁਣ ਕੇ ਦੇਸ਼ ਦੀ ਲੋਕ ਸਭਾ ਵਿਚ ਭੇਜ ਦਿੱਤਾ ਹੈ। ਜੇਕਰ ਗੱਲ ਚੋਣ ਨਤੀਜਿਆਂ ਦੀ ਕਰੀਏ ਤਾਂ ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਗਾਤਾਰ ਦੂਜੇ ਨੰਬਰ ’ਤੇ ਹੀ ਰਹੇ ਜਿਨ੍ਹਾਂ ਨੇ ਸ਼ਹਿਰ ਦੇ 5 ਹਲਕਿਆਂ ਵਿਚ ਆਪਣਾ ਕਬਜ਼ਾ ਲਗਾਤਾਰ ਬਰਕਰਾਰ ਰੱਖਿਆ। ਇਸ ਨੂੰ ਸ੍ਰੀ ਰਾਮ ਮੰਦਰ ਦੀ ਉਸਾਰੀ ਕਰਨ ਕਰਕੇ ਮੋਦੀ ਦੀ ਲਹਿਰ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। 

ਸ਼ਹਿਰ ਦੇ ਹਲਕਾ ਆਤਮ ਨਗਰ ਤੋਂ ਇਲਾਵਾ ਹਲਕਾ ਗਿੱਲ, ਮੁੱਲਾਂਪੁਰ ਦਾਖਾ ਅਤੇ ਜਗਰਾਓਂ ਨੇ ਰਾਜਾ ਵੜਿੰਗ ਦੀ ਲਾਜ ਰੱਖ ਕੇ ਉਨ੍ਹਾਂ ਦੀ ਜਿੱਤ ਦਾ ਰਸਤਾ ਸਾਫ਼ ਕੀਤਾ। ਬੈਂਸ ਭਰਾਵਾਂ ਦੇ ਕਾਂਗਰਸ ਵਿਚ ਆਉਣ ਤੋਂ ਬਾਅਦ ਰਾਜਾ ਵੜਿੰਗ ਨੂੰ ਮਜ਼ਬੂਤੀ ਮਿਲੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਲਕਾ ਆਤਮ ਨਗਰ ਵਿਚ ਲੀਡ ਮਿਲੀ ਹੈ ਕਿਉਂਕਿ ਸਿਮਰਜੀਤ ਸਿੰਘ ਬੈਂਸ ਇਸ ਹਲਕੇ ਤੋਂ ਵਿਧਾਇਕ ਰਹੇ ਹਨ ਜਿਨ੍ਹਾਂ ਨੇ ਰਾਜਾ ਵੜਿੰਗ ਦੀ ਜਿੱਤ ਲਈ ਦਿਨ-ਰਾਤ ਇਕ ਕੀਤਾ, ਨਾਲ ਹੀ ਹਲਕਾ ਗਿੱਲ ਵਿਚ ਵੀ ਬੈਂਸ ਭਰਾਵਾਂ ਦੀ ਪਕੜ ਦਾ ਰਾਜਾ ਨੂੰ ਫਾਇਦਾ ਹੋਇਆ।

Add a Comment

Your email address will not be published. Required fields are marked *