ਜਲੰਧਰ ਦੇ NRI ਨੇ ਚੰਨ ‘ਤੇ ਖ਼ਰੀਦੇ ਦੋ ਪਲਾਟ

ਜਲੰਧਰ – ਲੋਕਾਂ ਦਾ ਸੁਫ਼ਨਾ ਹੁੰਦਾ ਹੈ ਕਿ ਚੰਨ ਦੀ ਇਕ ਵਾਰ ਸੈਰ ਜ਼ਰੂਰ ਕੀਤੀ ਜਾਵੇ ਪਰ ਜਲੰਧਰ ਦੇ ਐੱਨ. ਆਰ. ਆਈ. ਵਿਅਕਤੀ ਨੇ ਚੰਨ ਉਤੇ ਪਲਾਟ ਹੀ ਖ਼ਰੀਦ ਲਿਆ ਹੈ। ਉਸ ਨੇ ਇਕ-ਇਕ ਏਕੜ ਦੇ ਦੋ ਪਲਾਟ ਖ਼ਰੀਦੇ ਹਨ। ਜਿਸ ਵਿਚ ਇਕ ਪਲਾਟ ਪਤੀ ਦੇ ਨਾਂ ਉਸ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ, ਜਦਕਿ ਇਕ ਪਲਾਟ ਬਚਪਨ ਦੇ ਜਿਗਰੀ ਦੋਸਤ ਦੇ ਨਾਮ ਕਰਵਾ ਦਿੱਤਾ। ਐੱਨ. ਆਰ. ਆਈ. ਹਰਜਿੰਦਰ ਸਿੰਘ ਜਲੰਧਰ ਦੇ ਜੰਡਿਆਲਾ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਉਹ ਇਟਲੀ ਤੋਂ ਜਲੰਧਰ ਪਹੁੰਚੇ ਹਨ। ਹਰਜਿੰਦਰ ਸਿੰਘ ਨੇ ਯੂਨਾਈਟੇਡ ਸਟੇਟਸ ਆਫ਼ ਅਮਰੀਕਾ ਦੀ ਇਕ ਸਰਕਾਰੀ ਵੈੱਬਸਾਈਟ ਤੋਂ ਜਗ੍ਹਾ ਚੰਨ ‘ਤੇ ਖ਼ਰੀਦੀ ਹੈ। ਇਸ ਦਾ ਸਾਰਾ ਪ੍ਰੋਸੈਸ ਆਨਲਾਈਨ ਹੋਇਆ।

ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਟਲੀ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਦੋਸਤ ਦੇ ਚੰਨ ‘ਤੇ ਜ਼ਮੀਨ ਖ਼ਰੀਦਣ ਦਾ ਸੁਫ਼ਨਾ ਸੀ। ਉਨ੍ਹਾਂ ਨੂੰ ਕਿਸੇ ਜਾਣਕਾਰ ਤੋਂ ਪਤਾ ਲੱਗਾ ਸੀ ਕਿ ਯੂਨਾਈਟੇਡ ਸਟੇਟਸ ਆਫ਼ ਅਮਰੀਕਾ ਦੀ ਇਕ ਵੈੱਬਸਾਈਟ ਜ਼ਰੀਏ ਚੰਨ ‘ਤੇ ਜ਼ਮੀਨ ਖ਼ਰੀਦੀ ਜਾਂਦੀ ਹੈ। ਪਹਿਲਾਂ ਉਨ੍ਹਾਂ ਨੇ ਇਸ ਦਾ ਪ੍ਰੋਸੈਸ ਪਤਾ ਕੀਤਾ। ਪਤਾ ਲੱਗਾ ਕਿ ਸਾਰੀ ਪ੍ਰਕਿਰਿਆ ਆਨਲਾਈਨ ਹੈ। ਚੰਨ ‘ਤੇ ਜਗ੍ਹਾ ਲਈ ਆਨਲਾਈਨ ਅਪਲਾਈ ਕਰਕੇ 2 ਪਲਾਟ ਖ਼ਰੀਦੇ। ਇਕ ਪਲਾਟ ਨੂੰ ਪਤਨੀ ਦੇ ਜਨਮਦਿਨ ਵਾਲੇ ਦਿਨ ਤੋਹਫ਼ਾ ਦਿੱਤਾ। 

ਹਰਜਿੰਦਰ ਨੇ ਦੱਸਿਆ ਕਿ ਉਸ ਦਾ ਦੋਸਤ ਸੁਖਜੀਤ ਜਲੰਧਰ ਰਹਿੰਦਾ ਹੈ। ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿ ਚੰਨ ‘ਤੇ ਖ਼ਰੀਦਿਆ ਹੋਇਆ ਇਕ ਪਲਾਟ ਉਸ ਦੇ ਨਾਂ ਕਰ ਦੇਵੇ, ਉਹ ਉਸ ਦੇ ਪੈਸੇ ਦੇਣ ਨੂੰ ਤਿਆਰ ਹੈ। ਜਿਸ ਦੇ ਬਾਅਦ ਉਨ੍ਹਾਂ ਇਕ ਪਲਾਟ ਸੁਖਜੀਤ ਦੇ ਨਾਂ ਕੀਤਾ। ਇਸ ਦੇ ਦਸਤਾਵੇਜ਼ ਦੋਸਤ ਨੂੰ ਸੌਂਪ ਦਿੱਤੇ ਗਏ ਹਨ। ਦੋਸਤ ਕੋਲੋਂ ਪਲਾਟ ਦੇ ਬਦਲੇ ਕੋਈ ਪੈਸਾ ਵੀ ਨਹੀਂ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਦੋਸਤ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ। ਸਾਡਾ ਦੋਹਾਂ ਦਾ ਜਨਮ ਵੀ ਇਥੇ ਹੀ ਹੋਇਆ, ਇਕੱਠੇ ਖੇਡੇ ਅਤੇ ਵੱਡੇ ਹੋਏ ਹਾਂ। ਜਿਸ ਦੇ ਚਲਦਿਆਂ ਮੈਂ ਆਪਣਾ ਇਕ ਪਲਾਟ ਦੋਸਤ ਦੇ ਨਾਂ ਕੀਤਾ। 

ਹਰਜਿੰਦਰ ਨੇ ਕਿਹਾ ਕਿ ਦੋਵੇਂ ਪਲਾਟ 1-1 ਏਕੜ ਦੇ ਹਨ। ਦਸਤਾਵੇਜ਼ ਦੋਸਤ ਦੇ ਨਾਂ ਕਰਵਾਉਣ ਵਿਚ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਆਨਲਾਈਨ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਮੇਰੀ ਇੱਛਾ ਸੀ ਕਿ ਮੈਂ ਪਤਨੀ ਨੂੰ ਦੂਜਿਆਂ ਨਾਲੋਂ ਵੱਖਰਾ ਤੋਹਫ਼ਾ ਦੇਵਾ, ਜਿਸ ਦੇ ਚਲਦਿਆਂ ਮੈਂ ਫ਼ੈਸਲਾ ਕੀਤਾ ਕਿ ਆਪਣੀ ਪਤਨੀ ਨੂੰ ਚੰਨ ‘ਤੇ ਜਗ੍ਹਾ ਲੈ ਕੇ ਦੇਵਾਂਗਾ। ਇਸੇ ਕਰਕੇ ਉਸ ਨੇ ਚੰਨ ‘ਤੇ ਜਗ੍ਹਾ ਖ਼ਰੀਦ ਕੇ ਪਤਨੀ ਨੂੰ ਤੋਹਫ਼ਾ ਦਿੱਤਾ। ਉਥੇ ਹੀ ਸੁਖਜੀਤ ਨੇ ਦੋਸਤ ਹਰਜਿੰਦਰ ਸਿੰਘ ਵੱਲੋਂ ਤੋਹਫ਼ੇ ਵਿਚ ਲੈ ਕੇ ਦਿੱਤੇ ਗਏ ਚੰਨ ‘ਤੇ ਪਲਾਟ ਨੂੰ ਲੈ ਕੇ ਹਰਜਿੰਦਰ ਅਤੇ ਉਸ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ। 

Add a Comment

Your email address will not be published. Required fields are marked *