ਹੈਰੋਇਨ ਦੀ ਸਮੱਗਲਿੰਗ ਕਰਦੀ 6 ਬੱਚਿਆਂ ਦੀ ਮਾਂ ਗ੍ਰਿਫ਼ਤਾਰ

ਜਲੰਧਰ – ਹੈਰੋਇਨ ਦੀ ਸਮੱਗਲਿੰਗ ਕਰਨ ਵਾਲੀ 6 ਬੱਚਿਆਂ ਦੀ ਮਾਂ ਨੂੰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਜਲੰਧਰ ਰੇਂਜ ਨੇ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਟਰੈਪ ਲਾ ਕੇ ਕਾਬੂ ਕੀਤੀ ਗਈ ਉਕਤ ਔਰਤ ਦੀ ਪਛਾਣ ਮਹਿੰਦਰ ਕੌਰ ਮਿੰਦੋ ਪਤਨੀ ਕਰਨੈਲ ਸਿੰਘ ਨਿਵਾਸੀ ਪਿੰਡ ਤਲਵੰਡੀ ਕਲਾਂ, ਥਾਣਾ ਲਾਡੋਵਾਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

ਐੱਸ. ਟੀ. ਐੱਫ਼. ਦੇ ਏ. ਆਈ. ਜੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਦੇ ਪਤੀ ਦੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਖ਼ਿਲਾਫ਼ ਐੱਸ. ਟੀ. ਐੱਫ਼. ਥਾਣਾ ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 200 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਨੂੰ ਉਸ ਕੋਲੋਂ ਹੋਰ ਵੀ ਹੈਰੋਇਨ ਰਿਕਵਰ ਹੋਣ ਦੀ ਉਮੀਦ ਹੈ। ਉਸ ਨਾਲ ਜੁੜੇ ਹੋਰ ਲੋਕਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ।

ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਮਿੰਦੋ ਖ਼ਿਲਾਫ਼ ਥਾਣਾ ਲਾਡੋਵਾਲ (ਲੁਧਿਆਣਾ) ਵਿਚ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਹੈ, ਜਿਸ ਵਿਚ ਉਹ ਜੇਲ੍ਹ ਵੀ ਜਾ ਚੁੱਕੀ ਹੈ। ਏ. ਆਈ. ਜੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਟੀ. ਐੱਫ਼. ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਰਿਕਵਰ ਕੀਤੀ ਗਈ ਹੈ।

Add a Comment

Your email address will not be published. Required fields are marked *