ਹੜ੍ਹਾਂ ਦਰਮਿਆਨ ਪੌਂਗ ਡੈਮ ‘ਚੋਂ ਛੱਡਿਆ ਗਿਆ ਪਾਣੀ

ਹੁਸ਼ਿਆਰਪੁਰ/ਕਾਂਗੜਾ- ਹੜ੍ਹ ਦੀ ਆਫ਼ਤ ਦਰਮਿਆਨ ਜਿੱਥੇ ਹੁਣ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ, ਉਥੇ ਹੀ ਹੁਣ ਪੌਂਗ ਡੈਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੌਂਗ ਡੈਮ ਵਿਚੋਂ ਅੱਜ ਦੁਪਿਹਰ ਬਾਅਦ ਪਾਣੀ ਛੱਡ ਦਿੱਤਾ ਗਿਆ ਹੈ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।  ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡਿਆ ਹੈ। ਸੀਨੀਅਰ ਡਿਜ਼ਾਇਨ ਇੰਜੀਨੀਅਰ, ਵਾਟਰ ਰੈਗੂਲੇਸ਼ਨ ਸੈੱਲ, ਬੀ. ਬੀ. ਐੱਮ. ਬੀ. ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਗੜਾ ਜ਼ਿਲ੍ਹੇ ਵਿੱਚ ਪੌਂਗ ਪਾਵਰ ਹਾਊਸ ਦੀ ਇਕ ਟਰਬਾਈਨ ਰਾਹੀਂ ਵੱਧ ਤੋਂ ਵੱਧ ਸੰਭਾਵਿਤ ਰਿਲੀਜ ਕੀਤਾ ਜਦਕਿ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਸਪਿਲਵੇਅ ਰਾਹੀਂ 4,377 ਕਿਊਸਿਕ ਛੱਡਿਆ।

ਡੈਮ ਦੇ ਪਾਣੀ ਦਾ ਪੱਧਰ 1,410 ਫੁੱਟ ਦੀ ਸਟੋਰੇਜ ਸਮਰੱਥਾ ਦੇ ਮੁਕਾਬਲੇ 1,367.87 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਪਾਣੀ ਛੱਡਣਾ ਇਕ ਆਮ ਪ੍ਰਕਿਰਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਾਂਗੜਾ ਦੇ ਡਿਪਟੀ ਕਮਿਸ਼ਨਰ, ਉੱਪ ਮੰਡਲ ਅਧਿਕਾਰੀਆਂ (ਸਿਵਲ), ਸਿੰਚਾਈ, ਡਰੇਨੇਜ ਅਤੇ ਰਾਜ ਵਿੱਚ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਬਿਆਸ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪਿਛਲੇ ਦਿਨੀਂ ਹਿਮਾਚਲ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਸੀ, ਜਿਸ ਵਿੱਚ ਜ਼ਮੀਨ ਖਿਸਕਣ, ਅਚਾਨਕ ਹੜ੍ਹਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਸੀ।

ਰਾਜ ਦੇ ਐਮਰਜੈਂਸੀ ਰਿਸਪਾਂਸ ਸੈਂਟਰ ਦੇ ਅਨੁਸਾਰ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਨੂੰ 4,357 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਹਾੜੀ ਇਲਾਕਿਆਂ ‘ਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਇਸ ਡੈਮ ਤੋਂ 20 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ‘ਚ ਛੱਡਿਆ ਗਿਆ ਹੈ। 

Add a Comment

Your email address will not be published. Required fields are marked *