ਸਿਡਨੀ ‘ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਸਿਡਨੀ :- ਸਿਡਨੀ ਵਿਖੇ ਬੀਤੇ ਦਿਨ ਹੋਏ ਵਿਸਾਖੀ ਮੇਲੇ ਦੀਆਂ ਧੁੰਮਾਂ ਪੂਰੇ ਸਿਡਨੀ ਵਿੱਚ ਦੇਖਣ ਨੂੰ ਮਿਲੀਆਂ। 19 ਮਈ ਨੂੰ ਬਲੈਕਟਾਊਨ ਦੇ ਸ਼ੋਅ ਗਰਾਊਂਡ ਵਿੱਚ ਹੋਏ ਇਸ ਮੇਲੇ ਦੌਰਾਨ ਪੰਜਾਬੀ ਭਾਈਚਾਰੇ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਆ ਕੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਫੋਕ ਐਡ ਫੰਕ ਅਤੇ ਰਿਦਮ ਓਫ ਭੰਗੜਾ ਦੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਭੰਗੜਾ, ਗਿੱਧਾ ਦੀਆਂ ਪੇਸ਼ਕਾਰੀਆਂ ਦੇਖਣਯੋਗ ਸਨ। ਰੱਸਾ ਕੱਸੀ ਦੇ ਮੁਕਾਬਲੇ ਦੇਖਣ ਯੋਗ ਸਨ। ਜਿਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। 

ਝੂਲੇ ਅਤੇ ਫੂਡ ਸਟਾਲਾਂ ਨੇ ਸਿਡਨੀ ਮੇਲੇ ਦਾ ਮਾਹੌਲ ਪੰਜਾਬਨੁਮਾ ਬਣਾ ਦਿੱਤਾ ਸੀ। ਇੱਥੇ ਗੌਰਤਲਬ ਹੈ ਕਿ ਇਸ ਮੇਲੇ ਦੀ ਪ੍ਰਸਿੱਧੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਮੇਲੇ ਦੀ ਉਡੀਕ ਹਰ ਸਾਲ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ। ਇਸ ਸਾਲ ਮੇਲੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ । ਜੋ ਕਿ ਵਿਸਾਖੀ ਮੇਲੇ ਦੀ ਪ੍ਰਸਿੱਧੀ ਦਾ ਸਬੂਤ ਹੈ। ਮੇਲੇ ਦੌਰਾਨ ਸਮੀਰ ਪੰਡਿਆ ਜੀ ਅਤੇ ਕੌਂਸਲਰ ਮੋਨਿੰਦਰ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਮੇਲੇ ਭਾਈਚਾਰਿਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। 

ਉਨਾਂ ਮੇਲੇ ਦੇ ਸਫਲ ਹੋਣ ਲਈ ਪ੍ਰਬੰਧਕਾਂ ਨੂੰ ਵਧਾਈ ਨੂੰ ਦਿੱਤੀ । ਇਸ ਮੌਕੇ ਹਰਕੀਰਤ ਸੰਧਰ ਵੱਲੋਂ ਸਮੁੱਚੇ ਲੀਡਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਮੇਲੇ ਵਿੱਚ ਆ ਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਦ ਲੱਗਾ ਦਿੱਤੇ। ਉਹਨਾਂ ਕਿਹਾ ਕਿ ਵਿਸਾਖੀ ਮੇਲੇ ਦੇ ਮੁੱਖ ਉਦੇਸ਼ ਆਪਣੇ ਅਮੀਰ ਵਿਰਸੇ ਨੂੰ ਆਪਣੀ ਪੀੜੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ। ਇਸ ਮੌਕੇ ਹਰਕੀਰਤ ਸੰਧਰ, ਦਵਿੰਦਰ ਧਾਰੀਆ, ਅਮਰਿੰਦਰ ਬਾਜਵਾ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।

Add a Comment

Your email address will not be published. Required fields are marked *