ਲੋਕ ਸਭਾ ਤੋਂ ਮੁਅੱਤਲੀ ਨੇ ਮੈਨੂੰ ਵੱਡਾ ਮੌਕਾ ਦਿੱਤਾ: ਰਾਹੁਲ ਗਾਂਧੀ

ਕੈਲੀਫੋਰਨੀਆ, 1 ਜੂਨ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ਸਿਆਸਤ ਵਿੱਚ ਆਏ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਲੋਕ ਸਭਾ ਵਿੱਚੋਂ ਉਨ੍ਹਾਂ ਦੀ ਮੈਂਬਰੀ ਖਾਰਜ ਹੋ ਸਕਦੀ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਇਸ ਮੁਅੱਤਲੀ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ‘ਵੱਡਾ ਮੌਕਾ’ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਰਿਸ਼ਤੇ ਬਹੁਤ ਮੁਸ਼ਕਲ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇੰਜ ਪਿੱਛੇ ਨਹੀਂ ਧੱਕਿਆ ਜਾ ਸਕਦਾ। ਉਂਜ ਗਾਂਧੀ ਨੇ ਯੂਕਰੇਨ ਜੰਗ ਦੇ ਹਵਾਲੇ ਨਾਲ ਪੱਛਮੀ ਮੁਲਕਾਂ ਵੱਲੋਂ ਬਣਾਏ ਦਬਾਅ ਦੇ ਬਾਵਜੂਦ ਰੂਸ ਨਾਲ ਰਿਸ਼ਤੇ ਬਣਾ ਕੇ ਰੱਖਣ ਬਾਰੇ ਨਵੀਂ ਦਿੱਲੀ ਵੱਲੋਂ ਅਪਣਾਈ ਨੀਤੀ ਦੀ ਸ਼ਲਾਘਾ ਕੀਤੀ।

ਤਿੰਨ ਸ਼ਹਿਰਾਂ ਦੀ ਫੇਰੀ ਲਈ ਲੰਘੇ ਦਿਨੀਂ ਅਮਰੀਕਾ ਪੁੱਜੇ ਗਾਂਧੀ ਨੇ ਉਪਰੋਕਤ ਟਿੱਪਣੀਆਂ ਬੁੱਧਵਾਰ ਰਾਤ ਨੂੰ ਕੈਲੀਫੋਰਨੀਆ ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਕੈਂਪਸ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਪੁੱਛੇ ਲੜੀਵਾਰ ਸਵਾਲਾਂ ਦਾ ਜਵਾਬ ਦਿੰਦਿਆਂ ਕੀਤੀ। ਸੂਰਤ ਦੀ ਕੋਰਟ ਵੱਲੋਂ ‘ਮੋਦੀ ਉਪਨਾਮ’ ਟਿੱਪਣੀ ਨਾਲ ਜੁੜੇ ਫੌਜਦਾਰੀ ਮਾਣਹਾਨੀ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਲੋਕ ਸਭਾ ਸਕੱਤਰੇਤ ਨੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਮੈਂਬਰੀ ਖਾਰਜ ਕਰ ਦਿੱਤੀ ਸੀ।

ਗਾਂਧੀ ਨੇ ਕਿਹਾ ਕਿ ਸਾਲ 2000 ਵਿੱਚ ਜਦੋਂ ਉਹ ਸਿਆਸਤ ਵਿੱਚ ਆੲੇ ਸਨ ਤਾਂ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਨੂੰ ਕਿਨ੍ਹਾਂ ਹਾਲਾਤ ’ਚੋਂ ਲੰਘਣਾ ਪਏਗਾ। ਰਾਹੁਲ ਨੇ ਕਿਹਾ ਕਿ ਉਹ ਅੱਜ ਜੋ ਕੁਝ ਹੁੰਦਾ ਵੇਖ ਰਹੇ ਹਨ, ਉਹ ਉਨ੍ਹਾਂ ਦੀ ਉਸ ਸੋਚ ਤੋਂ ਕਿਤੇ ਪਰ੍ਹੇ ਹੈ, ਜੋ ਉਹ ਸਿਆਸਤ ’ਚ ਪੈਰ ਧਰਨ ਮੌਕੇ ਸੋਚਦੇ ਸਨ। ਗਾਂਧੀ ਨੇ ਲੋਕ ਸਭਾ ਤੋਂ ਆਪਣੀ ਮੈਂਬਰੀ ਖਾਰਜ ਹੋਣ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਕੁਝ ਸੰਭਵ ਹੋਵੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪਰ ਫਿਰ ਮੈਂ ਸੋਚਿਆ ਕਿ ਇਹ ਤਾਂ ਅਸਲ ਵਿੱਚ ਮੈਨੂੰ ਬਹੁਤ ਵੱਡਾ ਮੌਕਾ ਦਿੱਤਾ ਗਿਆ ਹੈ। ਸ਼ਾਇਦ ਉਸ ਮੌਕੇ ਤੋਂ ਕਿਤੇ ਵੱਡਾ, ਜੋ ਮੇਰੇ ਕੋਲ ਸੀ। ਸਿਆਸਤ ਇਸੇ ਤਰ੍ਹਾਂ ਕੰਮ ਕਰਦੀ ਹੈ।’’

ਗਾਂਧੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਡਰਾਮਾ ਕੋਈ ਛੇ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਅਸੀਂ ਸੰਘਰਸ਼ ਕਰ ਰਹੇ ਸੀ। ਭਾਰਤ ਵਿੱਚ ਪੂਰੀ ਵਿਰੋਧੀ ਧਿਰ ਸੰਘਰਸ਼ ਕਰ ਰਹੀ ਸੀ। ਵੱਡਾ ਵਿੱਤੀ ਦਬਦਬਾ ਸੀ। ਸੰਸਥਾਗਤ ਕਬਜ਼ਾ ਸੀ। ਅਸੀਂ ਆਪਣੇ ਹੀ ਦੇਸ਼ ਵਿੱਚ         ਜਮਹੂਰੀ ਲੜਾਈ ਲੜਨ ਲਈ ਸੰਘਰਸ਼ ਕਰੇ ਰਹੇ ਸੀ।’’ ਕਾਂਗਰਸ ਆਗੂ ਨੇ ਕਿਹਾ ਕਿ ਐਨ ਇਸ ਵੇਲੇ ਉਨ੍ਹਾਂ ‘ਭਾਰਤ ਜੋੜੋ ਯਾਤਰਾ’ ਕੱਢਣ ਦਾ ਫੈਸਲਾ ਕੀਤਾ। ਗਾਂਧੀ ਨੇ ਕਿਹਾ, ‘‘ਮੈਂ ਬੜਾ ਸਪਸ਼ਟ ਹਾਂ, ਸਾਡੀ ਲੜਾਈ ਸਾਡੇ ਸਾਰਿਆਂ ਦੀ ਲੜਾਈ ਹੈ।’’ ਕਾਂਗਰਸ ਆਗੂ ਨੇ ਜ਼ੋਰ ਦੇ ਕੇ ਆਖਿਆ ਕਿ ਆਪਣੇ ਵਿਦੇਸ਼ ਦੌਰਿਆਂ ਦੌਰਾਨ ਉਨ੍ਹਾਂ ਕਿਸੇ ਤੋਂ ਹਮਾਇਤ ਨਹੀਂ ਮੰਗੀ। 

Add a Comment

Your email address will not be published. Required fields are marked *