ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼

ਦੁਬਈ – ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਰਾਇਸੀ ਪੂਰਬੀ ਅਜ਼ਰਬਾਈਜਾਨ ਦੇ ਦੌਰੇ ’ਤੇ ਸਨ। ਸਰਕਾਰੀ ਟੀ.ਵੀ. ਨੇ ਦੱਸਿਆ ਕਿ ਇਹ ਘਟਨਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ ਉੱਤਰ-ਪੱਛਮ ’ਚ ਅਜ਼ਰਬਾਈਜਾਨ ਦੀ ਸਰਹੱਦ ’ਤੇ ਸਥਿਤ ਜੁਲਫਾ ਸ਼ਹਿਰ ਨੇੜੇ ਵਾਪਰੀ। ਬਾਅਦ ’ਚ ਟੀ.ਵੀ. ਨੇ ਦੱਸਿਆ ਕਿ ਇਹ ਘਟਨਾ ਉਜ਼ੀ ਨੇੜੇ ਵਾਪਰੀ ਹੈ।

ਸਰਕਾਰੀ ਨਿਊਜ਼ ਏਜੰਸੀ ‘ਇਰਨਾ’ ਮੁਤਾਬਕ ਰਾਇਸੀ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ, ਪੂਰਬੀ ਅਜ਼ਰਬਾਈਜਾਨ ਦੇ ਗਵਰਨਰ ਤੇ ਹੋਰ ਅਧਿਕਾਰੀਆਂ ਨਾਲ ਸਫਰ ਕਰ ਰਹੇ ਸਨ। ਇਕ ਸਥਾਨਕ ਸਰਕਾਰੀ ਅਧਿਕਾਰੀ ਨੇ ਘਟਨਾ ਦਾ ਵਰਣਨ ਕਰਨ ਲਈ ‘ਹਾਦਸਾ’ ਸ਼ਬਦ ਦੀ ਵਰਤੋਂ ਕੀਤੀ ਪਰ ਉਸ ਨੇ ਮੰਨਿਆ ਕਿ ਉਹ ਅਜੇ ਤੱਕ ਘਟਨਾ ਵਾਲੀ ਥਾਂ ’ਤੇ ਨਹੀਂ ਪਹੁੰਚਿਆ ਹੈ।

ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਸਰਕਾਰੀ ਟੀ.ਵੀ. ’ਤੇ ਕਿਹਾ ਕਿ ਰਾਸ਼ਟਰਪਤੀ ਅਤੇ ਕੁਝ ਹੋਰ ਲੋਕ ਹੈਲੀਕਾਪਟਰ ਰਾਹੀਂ ਵਾਪਸ ਆ ਰਹੇ ਸਨ। ਖਰਾਬ ਮੌਸਮ ਤੇ ਧੁੰਦ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਵੱਖ-ਵੱਖ ਬਚਾਅ ਟੀਮਾਂ ਇਲਾਕੇ ’ਚ ਗਈਆਂ ਹਨ ਪਰ ਖਰਾਬ ਮੌਸਮ ਤੇ ਧੁੰਦ ਕਾਰਨ ਉਨ੍ਹਾਂ ਨੂੰ ਹੈਲੀਕਾਪਟਰਾਂ ਤੱਕ ਪਹੁੰਚਣ ’ਚ ਸਮਾਂ ਲੱਗ ਸਕਦਾ ਹੈ। ਇਲਾਕਾ ਤੰਗ ਹੈ ਅਤੇ ਪਹੁੰਚਣਾ ਮੁਸ਼ਕਲ ਹੈ।

ਰਾਇਸੀ ਐਤਵਾਰ ਤੜਕੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਗਏ ਸਨ। ਇਹ ਤੀਜਾ ਡੈਮ ਹੈ ਜੋ ਦੋਵਾਂ ਦੇਸ਼ਾਂ ਨੇ ਅਰਸ ਨਦੀ ‘ਤੇ ਬਣਾਇਆ ਹੈ। ਰਾਇਸੀ (63) ਇੱਕ ਕੱਟੜਪੰਥੀ ਹਨ ਜੋ ਪਹਿਲਾਂ ਦੇਸ਼ ਦੀ ਨਿਆਂਪਾਲਿਕਾ ਦੀ ਅਗਵਾਈ ਕਰ ਚੁਕੇ ਹਨ। ਉਨ੍ਹਾਂ ਨੂੰ ਈਰਾਨ ਦੇ ਸਰਵਉੱਚ ਨੇਤਾ ਆਇਤਉਲਾ ਅਲੀ ਖੋਮੀਨੀ ਦਾ ਕਰੀਬੀ ਮੰਨਿਆ ਜਾਂਦਾ ਹੈ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ 85 ਸਾਲਾ ਖੋਮੀਨੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਅਸਤੀਫਾ ਦੇ ਦਿੰਦੇ ਹਨ ਤਾਂ ਰਾਇਸੀ ਉਨ੍ਹਾਂ ਦੀ ਥਾਂ ਲੈ ਸਕਦੇ ਹਨ। ਰਾਇਸੀ ਨੇ ਈਰਾਨ ਦੀ 2021 ਦੀ ਰਾਸ਼ਟਰਪਤੀ ਚੋਣ ਜਿੱਤੀ ਸੀ।

ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ‘ਤੇ ਪੋਸਟ ਸਾਂਝੀ ਕਰ ਕੇ ਚਿੰਤਾ ਜਤਾਈ ਹੈ। ਉਨ੍ਹਾਂ ਲਿਖਿਆ, ”ਰਾਸ਼ਟਰਪਤੀ ਰਾਇਸੀ ਦੀ ਹੈਲੀਕਾਪਟਰ ਉਡਾਣ ਬਾਰੇ ਸੁਣ ਕੇ ਬਹੁਤ ਚਿੰਤਾ ਹੋ ਰਹੀ ਹੈ। ਅਸੀਂ ਇਸ ਚਿੰਤਾ ਤੇ ਦੁੱਖ ਦੀ ਘੜੀ ‘ਚ ਈਰਾਨੀ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਤੇ ਰਾਸ਼ਟਰਪਤੀ ਦੇ ਉਨ੍ਹਾਂ ਦੇ ਸਾਥੀਆਂ ਦੀ ਸਲਾਮਤੀ ਦੀ ਕਾਮਨਾ ਕਰਦੇ ਹਾਂ।”

Add a Comment

Your email address will not be published. Required fields are marked *