19 ਕਰੋੜ ਪੌਂਡ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖ਼ਾਨ ਨੂੰ ਮਿਲੀ ਜ਼ਮਾਨਤ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਬੁੱਧਵਾਰ ਨੂੰ 190 ਮਿਲੀਅਨ (19 ਕਰੋੜ) ਪੌਂਡ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਮਰਾਨ ਖ਼ਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਇੱਕ ਰੀਅਲ ਅਸਟੇਟ ਵਪਾਰੀ ਤੋਂ ਰਿਸ਼ਵਤ ਵਜੋਂ ਅਰਬਾਂ ਰੁਪਏ ਦੀ ਜ਼ਮੀਨ ਲੈਣ ਦਾ ਦੋਸ਼ ਹੈ। ਇਸਲਾਮਾਬਾਦ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਮੰਗਲਵਾਰ ਨੂੰ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। 

ਅਦਾਲਤ ਨੇ ਬੁੱਧਵਾਰ ਨੂੰ ਖ਼ਾਨ ਨੂੰ ਜ਼ਮਾਨਤ ਲਈ 10 ਲੱਖ ਰੁਪਏ ਦਾ ਮੁਚੱਲਕਾ ਭਰਨ ਲਈ ਕਿਹਾ। ਹਾਲਾਂਕਿ ਅਦਾਲਤ ਦੇ ਇਸ ਫੈਸਲੇ ਦਾ ਇਸ ਗੱਲ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਿਆਲਾ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ ਜਾਂ ਨਹੀਂ ਕਿਉਂਕਿ ਗੁਪਤ ਦਸਤਾਵੇਜ਼ਾਂ ਅਤੇ ਇਦਤ ਦੇ ਮਾਮਲਿਆਂ ‘ਚ ਉਨ੍ਹਾਂ ਦੀ ਸਜ਼ਾ ਫਿਲਹਾਲ ਮੁਅੱਤਲ ਹੈ। 

ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਪਿਛਲੇ ਸਾਲ ਦਸੰਬਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਹੋਰਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਹ ਮਾਮਲਾ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਦੇ ਨਾਂ ‘ਤੇ ਨਹਿਰੀ ਜ਼ਮੀਨ ਦੀ ਕਥਿਤ ਐਕਵਾਇਰ ਕਰਨ ਨਾਲ ਸਬੰਧਤ ਹੈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ 190 ਮਿਲੀਅਨ ਪੌਂਡ (ਲਗਭਗ 50 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ।

Add a Comment

Your email address will not be published. Required fields are marked *