13 ਕਿਲੋ ਅਫ਼ੀਮ ਲੈ ਕੇ ਕੈਨੇਡਾ ਪੁੱਜੇ ਨਿਤੀਸ਼ ਵਰਮਾ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਕੈਨੇਡਾ ਵਿਚ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਅਫੀਮ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਮਾਮਲੇ ਵਿਚ ਉਸਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇੱਕ ਸਥਾਨਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਅਨੁਸਾਰ ਇੱਕ ਜਿਊਰੀ ਨੇ 34 ਸਾਲਾ ਨਿਤੀਸ਼ ਵਰਮਾ ਨੂੰ ਅਫੀਮ ਦੀ ਦਰਾਮਦ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ।

ਰਿਪੋਰਟ ਅਨੁਸਾਰ ਨਿਤੀਸ਼ ਵਰਮਾ ਨੂੰ 4 ਅਗਸਤ, 2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਕਰਮਚਾਰੀਆਂ ਨੂੰ ਮਠਿਆਈ ਦੇ ਡੱਬਿਆਂ ਦੇ ਅੰਦਰ 13.7 ਕਿਲੋਗ੍ਰਾਮ ਅਫੀਮ ਮਿਲੀ ਸੀ, ਉਦੋਂ ਉਹ ਭਾਰਤ ਤੋਂ ਵਾਪਸ ਆਇਆ ਸੀ। ਨਸ਼ੀਲੇ ਪਦਾਰਥਾਂ ਦੀ ਸੜਕੀ ਕੀਮਤ 294,316 ਡਾਲਰ ਤੋਂ 936,460 ਡਾਲਰ ਤੱਕ ਸੀ। ਉੱਧਰ ਨਿਤੀਸ਼ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਕਿ ਉਹ ਨਹੀਂ ਜਾਣਦਾ ਸੀ ਕਿ ਮਠਿਆਈਆਂ ਦੇ ਡੱਬਿਆਂ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਹਨ, ਕਿਉਂਕਿ ਉਹ ਆਪਣੇ ਇਕ ਦੋਸਤ ਦੀ ਬੇਨਤੀ ‘ਤੇ ਇਹ ਡੱਬੇ ਕੈਨੇਡਾ ਲਿਆ ਰਿਹਾ ਸੀ। 

ਨਿਤੀਸ਼ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣਗੇ। ਨਿਤੀਸ਼ ਦਾ ਫ਼ਾਇਦਾ ਉਸ ਦੇ ਜਾਣਕਾਰ ਇੱਕ ਬੇਈਮਾਨ ਵਿਅਕਤੀ ਨੇ ਉਠਾਇਆ ਸੀ। ਉੱਧਰ ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਰਮਾ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਨ। ਨਿਤਿਸ਼ ਦੇ ਕਈ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਸਜ਼ਾ ਸੁਣਾਏ ਜਾਣ ਦੌਰਾਨ ਉਸ ਦੇ ਸਮਰਥਨ ਵਿਚ ਪੱਤਰ ਲਿਖੇ ਸਨ। ਨਿਤਿਸ਼ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਲੱਭਣ ਵਿੱਚ ਮਦਦ ਕਰਨ ਲਈ ਭਾਰਤ ਗਿਆ ਸੀ  ਤੇ ਵਾਪਸੀ ‘ਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਾਪਸ ਆਉਣ ਤੋਂ ਪਹਿਲਾਂ ਦਿੱਲੀ ਦੇ ਹਵਾਈ ਅੱਡੇ ‘ਤੇ ਉਸ ਨੂੰ ਮਠਿਆਈ ਦੇ ਡੱਬੇ ਦਿੱਤੇ ਗਏ ਸਨ। ਇੱਥ ਦੱਸ ਦਈਏ ਕਿ ਨਿਤਿਸ਼ 2013 ਵਿਚ ਸਟੱਡੀ ਪਰਮਿਟ ‘ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਫਿਰ ਟੈਲੀ ਕਮਿਊਨੀਕੇਸ਼ਨ ਦੀਆਂ ਵੱਡੀਆਂ ਕੰਪਨੀਆਂ ਵਿਚ ਕੰਮ ਕਰਨ ਤੋਂ ਬਾਅਦ ਲਾਈਸੈਂਸ ਲੈ ਕੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਨ ਲੱਗ ਪਿਆ। 

Add a Comment

Your email address will not be published. Required fields are marked *