ਪੋਲੈਂਡ ਦੀ ਸੰਸਦ ’ਚ ਵੀ ਧੂੰਆਂ ਫੈਲਣ ਦੀ ਵਾਪਰੀ ਘਟਨਾ

ਜਲੰਧਰ  – ਭਾਰਤ ਦੀ ਸੰਸਦ ’ਚ ਘੁਸਪੈਠ ਕਰ ਕੇ ਧੂੰਆਂ ਫੈਲਾਉਣ ਵਰਗਾ ਮਾਮਲਾ ਪੋਲੈਂਡ ਦੀ ਸੰਸਦ ’ਚ ਵੀ ਸਾਹਮਣੇ ਆਇਆ ਹੈ। ਹਾਲਾਂਕਿ ਉੱਥੋਂ ਦੀ ਸੰਸਦ ’ਚ ਅਜਿਹੀ ਘਟਨਾ ਨੂੰ ਅੰਜਾਮ ਉੱਥੋਂ ਦੇ ਹੀ ਐੱਮ. ਪੀ. ਨੇ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪੋਲੈਂਡ ਦੇ ਦੱਖਣਪੰਥੀ ਐੱਮ. ਪੀ. ਗ੍ਰੇਜ਼ਗੋਰਜ਼ ਬ੍ਰੌਨ ਨੇ ਫਾਇਰ ਐਕਸਟਿੰਗਵਿਸ਼ਰ ਨਾਲ ਧੂੰਆਂ ਫੈਲਾ ਦਿੱਤਾ।

ਧੂੰਆਂ ਫੈਲਣ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਐੱਮ. ਪੀ. ਨੂੰ ਸਦਨ ’ਚੋਂ ਬਾਹਰ ਲੈ ਗਏ। ਰਿਪੋਰਟ ਮੁਤਾਬਕ ਇਸ ਹਰਕਤ ਲਈ ਬ੍ਰੌਨ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਤੋਂ ਇਕ ਦਿਨ ਲਈ ਰੋਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ 3 ਮਹੀਨਿਆਂ ਦੀ ਤਨਖਾਹ ਦਾ ਅੱਧਾ ਹਿੱਸਾ ਵੀ ਕੱਟ ਲਿਆ ਗਿਆ ਹੈ।

ਮੂੰਹ ’ਤੇ ਕੱਪੜਾ ਰੱਖ ਕੇ ਭੱਜੇ ਐੱਮ. ਪੀ.

ਬ੍ਰੌਨ ਨੇ ਫਾਇਰ ਐਕਸਟਿੰਗਵਿਸ਼ਰ ਨਾਲ ਸੰਸਦ ’ਚ ਹਨੁੱਕਾ ਦੀਆਂ ਮੋਮਬੱਤੀਆਂ ਬੁਝਾ ਦਿੱਤੀਆਂ। ਉਨ੍ਹਾਂ ਦੀ ਇਸ ਹਰਕਤ ਨਾਲ ਸਦਨ ’ਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਦਿਨ ਲਈ ਸਦਨ ’ਚੋਂ ਬਾਹਰ ਕਰ ਦਿੱਤਾ ਗਿਆ। ਭਾਰਤ ਤੋਂ ਆਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿਚ ਬ੍ਰੌਨ ਨੂੰ ਫਾਇਰ ਐਕਸਟਿੰਗਵਿਸ਼ਰ ਨਾਲ ਐੱਮ. ਪੀਜ਼ ਦੀ ਲਾਬੀ ਵਿਚ ਵੇਖਿਆ ਜਾ ਸਕਦਾ ਹੈ। ਉਹ ਮੋਮਬੱਤੀਆਂ ਨੂੰ ਬੁਝਾਉਣ ਲਈ ਫਾਇਰ ਐਕਸਟਿੰਗਵਿਸ਼ਰ ਦੀ ਨੌਬ ਖੋਲ੍ਹ ਦਿੰਦੇ ਹਨ, ਜਿਸ ਤੋਂ ਬਾਅਦ ਪੂਰਾ ਸਦਨ ਧੂੰਏਂ ਨਾਲ ਭਰ ਜਾਂਦਾ ਹੈ।

ਉਨ੍ਹਾਂ ਦੀ ਇਸ ਹਰਕਤ ’ਤੇ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਤੁਰੰਤ ਫੜ ਲੈਂਦੇ ਹਨ। ਹਾਲਾਂਕਿ ਇਸ ਵਿਚਕਾਰ ਅਜਿਹੀ ਹਾਲਤ ਹੋ ਗਈ ਸੀ ਕਿ ਉੱਥੇ ਮੌਜੂਦ ਐੱਮ. ਪੀਜ਼ ਨੂੰ ਸਾਹ ਤਕ ਲੈਣ ’ਚ ਮੁਸ਼ਕਲ ਆ ਰਹੀ ਸੀ। ਘਬਰਾ ਕੇ ਐੱਮ. ਪੀਜ਼ ਨੇ ਮੂੰਹ ’ਤੇ ਕੱਪੜਾ ਰੱਖਿਆ ਅਤੇ ਸੰਸਦ ’ਚੋਂ ਬਾਹਰ ਭੱਜਣ ਲੱਗੇ।

ਪੋਲੈਂਡ ਦੇ ਨੇਤਾਵਾਂ ਵਲੋਂ ਸਖਤ ਨਿੰਦਾ

ਇਸ ਹਰਕਤ ’ਤੇ ਪੋਲੈਂਡ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਵਿਚ ਗ੍ਰੇਜ਼ਗੋਰਜ਼ ਬ੍ਰੌਨ ਵਲੋਂ ਕੀਤੀ ਗਈ ਇਸ ਘਟਨਾ ਦੀ ਨਿੰਦਾ ਕੀਤੀ। ਨਾਲ ਹੀ ਕਿਹਾ ਕਿ ਸੰਸਦ ’ਚ ਯਹੂਦੀ ਵਿਰੋਧੀ ਤੇ ਜ਼ੇਨੋਫੋਬਿਕ ਵਤੀਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੋਲੈਂਡ ਦੇ ਇਸ ਐੱਮ. ਪੀ. ਦੀ ਕਰਤੂਤ ਕਾਰਨ ਪੋਲੈਂਡ ਦੇ ਸਿਆਸਤਦਾਨ ਡੋਨਾਲਡ ਟਸਕ ਵਲੋਂ ਭਰੋਸੇ ਦੀ ਵੋਟ ਹਾਸਲ ਕਰਨ ’ਚ ਦੇਰੀ ਹੋਈ, ਜਿਨ੍ਹਾਂ ਨੂੰ ਬੀਤੇ ਸੋਮਵਾਰ ਨੂੰ ਹੀ ਪੀ. ਐੱਮ. ਵਜੋਂ ਨਾਮਜ਼ਦ ਕੀਤਾ ਗਿਆ ਸੀ।

Add a Comment

Your email address will not be published. Required fields are marked *