ਦੇਸ਼ ਦੇ ਚੋਣ ਇਤਿਹਾਸ ਵਿਚ ਇਸ ਵਾਰ ਸਭ ਤੋਂ ਘੱਟ ਸੀਟਾਂ ’ਤੇ ਲੜੇਗੀ ਕਾਂਗਰਸ

ਨਵੀਂ ਦਿੱਲੀ – ਦੇਸ਼ ਦੀ ਸੱਤਾ ’ਤੇ ਸਭ ਤੋਂ ਵੱਧ ਸਮੇਂ ਤੱਕ ਕਾਬਜ਼ ਰਹਿਣ ਵਾਲੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਇਸ ਲੋਕ ਸਭਾ ਚੋਣਾਂ ਵਿਚ ਆਜ਼ਾਦੀ ਤੋਂ ਬਾਅਦ ਸਭ ਤੋਂ ਘੱਟ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ। ਕਾਂਗਰਸ ਨੇ ਅਜੇ ਤੱਕ 27 ਸੂਬਿਆਂ ਅਤੇ ਹੋਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 272 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ ਜਦਕਿ ਹਰਿਆਣਾ ਦੀਆਂ 9, ਪੰਜਾਬ ਦੀਆਂ 7, ਹਿਮਾਚਲ ਪ੍ਰਦੇਸ਼ ਦੀਆਂ 2 ਸੀਟਾਂ, ਬਿਹਾਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਦੀਆਂ ਕੁਝ ਸੀਟਾਂ, ਉੱਤਰ ਪ੍ਰਦੇਸ਼ ਵਿਚ ਰਾਏਬਰੇਲੀ ਅਤੇ ਅਮੇਠੀ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ।

ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਗਿਣਤੀ 325 ਜਾਂ 330 ਦੇ ਕਰੀਬ ਪਹੁੰਚ ਸਕਦੀ ਹੈ। ਇਹ ਗਿਣਤੀ ਦੇਸ਼ ਦੇ ਚੋਣ ਇਤਿਹਾਸ ਵਿਚ ਸਭ ਤੋਂ ਘੱਟ ਹੋਵੇਗੀ। ਇਸ ਤੋਂ ਪਹਿਲਾਂ 2004 ਦੀਆਂ ਚੋਣਾਂ ਵਿਚ ਕਾਂਗਰਸ ਨੇ 417 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਇਹ ਪਾਰਟੀ ਵੱਲੋਂ ਉਤਾਰੇ ਗਏ ਹੁਣ ਤੱਕ ਦੇ ਸਭ ਤੋਂ ਘੱਟ ਉਮੀਦਵਾਰ ਸਨ।

ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ 421 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਉਸਨੂੰ ਸਿਰਫ 52 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ ਜਦੋਂ ਕਿ 2014 ਵਿਚ ਪਾਰਟੀ ਨੇ 440 ਸੀਟਾਂ ’ਤੇ ਚੋਣਾਂ ਲੜੀਆਂ ਸਨ ਅਤੇ ਉਸਨੂੰ 44 ਸੀਟਾਂ ਹੀ ਹਾਸਲ ਹੋਈਆਂ ਸਨ, 2009 ਵਿਚ ਪਾਰਟੀ ਨੇ 440 ਸੀਟਾਂ ’ਤੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਅਤੇ ਉਸਨੂੰ 206 ਸੀਟਾਂ ਹਾਸਲ ਹੋਈਆਂ ਸਨ।

ਭਾਵੇਂ 1989 ਤੋਂ ਲੈ ਕੇ 1999 ਤੱਕ ਦੇਸ਼ ਵਿਚ ਗੱਠਜੋੜ ਦਾ ਦੌਰ ਰਿਹਾ ਪਰ ਇਸ ਦੌਰਾਨ ਵੀ ਕਾਂਗਰਸ ਦੇ ਉਮੀਦਵਾਰਾਂ ਦੀ ਗਿਣਤੀ ਵਿਚ ਕਮੀ ਨਹੀਂ ਆਈ ਅਤੇ 1989 ਅਤੇ 1991 ਵਿਚ 510 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਜਦੋਂ ਕਿ 1996 ਵਿਚ 529 ਅਤੇ 1999 ਵਿਚ 435 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ।

ਕਾਂਗਰਸ ਦੇ ਇੰੰਡੀਆ ਅਲਾਇੰਸ ਦਾ ਹਿੱਸਾ ਹੋਣ ਕਾਰਨ ਇਸ ਵਾਰ ਉਸਦੇ ਖਾਤੇ ਵਿਚ ਬਹੁਤ ਘੱਟ ਸੀਟਾਂ ਆਈਆਂ ਹਨ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਪਿਛਲੀ ਵਾਰ ਯੂ. ਪੀ. ਏ. ਗੱਠਜੋੜ ਦੇ ਤਹਿਤ 67 ਲੋਕ ਸਭਾ ਸੀਟਾਂ ’ਤੇ ਚੋਣਾਂ ਲੜੀਆਂ ਸਨ ਪਰ ਇਸ ਵਾਰ ਪਾਰਟੀ ਸਿਰਫ 17 ਸੀਟਾਂ ’ਤੇ ਚੋਣਾਂ ਲੜ ਰਹੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਕਾਂਗਰਸ ਪਿਛਲੀਆਂ ਚੋਣਾਂ ਵਿਚ 41 ਉਮੀਦਵਾਰਾਂ ਦੇ ਮੁਕਾਬਲੇ 20, ਮਹਾਰਾਸ਼ਟਰ ਵਿਚ ਪਿਛਲੀਆਂ ਚੋਣਾਂ ਦੀਆਂ 25 ਸੀਟਾਂ ਦੇ ਮੁਕਾਬਲੇ 8 ਸੀਟਾਂ ’ਤੇ ਚੋਣਾਂ ਲੜ ਰਹੀ ਹੈ।

Add a Comment

Your email address will not be published. Required fields are marked *