WhatsApp ‘ਤੇ ਫ਼ੋਟੋ ਨਾ ਭੇਜਣ ‘ਤੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਬੈਂਗਲੁਰੂ: ਬੈਂਗਲੁਰੂ ਦਿਹਾਤੀ ਜ਼ਿਲ੍ਹੇ ਦੇ ਡੋਡਬੱਲਾਪੁਰਾ ਨੇੜੇ ਇਕ ਢਾਬੇ ‘ਤੇ ਫੋਟੋ ਖਿੱਚਣ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਇਕ 18 ਸਾਲਾ ਲੜਕੇ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਢਾਬੇ ਦੇ ਪ੍ਰਵੇਸ਼ ਦੁਆਰ ‘ਤੇ ਇਕ ਕੰਧ ਹੈ ਜਿਸ ‘ਤੇ ਸੁੰਦਰ ਚਿੱਤਰਕਾਰੀ ਹੈ ਜਿਸ ਵੱਲ ਲੋਕ ਆਕਰਸ਼ਿਤ ਹੁੰਦੇ ਹਨ। ਅਕਸਰ ਕਈ ਲੋਕ ਉੱਥੇ ਫੋਟੋ ਖਿਚਵਾਉਣ ਆਉਂਦੇ ਹਨ। 

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਸੂਰਿਆ ਅਤੇ ਉਸ ਦੇ ਤਿੰਨ ਦੋਸਤ ਕੰਧ ਦੇ ਸਾਹਮਣੇ ਆਪਣੀਆਂ ਤਸਵੀਰਾਂ ਖਿੱਚ ਰਹੇ ਸਨ। ਫਿਰ ਇਕ ਹੋਰ ਗਰੁੱਪ ਢਾਬੇ ‘ਤੇ ਲੰਚ ਕਰਨ ਲਈ ਉੱਥੇ ਪਹੁੰਚ ਗਿਆ ਅਤੇ ਉਨ੍ਹਾਂ ਨੂੰ ਆਪਣੀਆਂ ਫੋਟੋਆਂ ਵੀ ਖਿੱਚਣ ਲਈ ਕਿਹਾ। ਅਧਿਕਾਰੀ ਨੇ ਕਿਹਾ ਕਿ ਸੂਰਿਆ ਅਤੇ ਉਸ ਦੇ ਦੋਸਤਾਂ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਤਸਵੀਰਾਂ ਖਿੱਚਣ ਲਈ ਮੰਨ ਗਏ। ਫਿਰ ਗਰੁੱਪ ਨੇ ਸੂਰਿਆ ਅਤੇ ਉਸ ਦੇ ਦੋਸਤਾਂ ਨੂੰ ਤੁਰੰਤ ਉਨ੍ਹਾਂ ਦੇ ਇਕ ਵਟਸਐਪ ਨੰਬਰ ‘ਤੇ ਫੋਟੋ ਭੇਜਣ ਲਈ ਕਿਹਾ। ਪਰ ਸੂਰਿਆ ਉਨ੍ਹਾਂ ਨੂੰ ਦੱਸਿਆ ਕਿ ਤਸਵੀਰਾਂ ਕੈਮਰੇ ਤੋਂ ਲਈਆਂ ਗਈਆਂ ਹਨ, ਇਸ ਲਈ ਉਨ੍ਹਾਂ ਨੂੰ ਸਿੱਧੇ ਮੋਬਾਈਲ ਫੋਨ ‘ਤੇ ਨਹੀਂ ਭੇਜਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਡਾਊਨਲੋਡ ਕਰਕੇ ਸਿਸਟਮ ਵਿਚ ਪਾਉਣਾ ਪੈਂਦਾ ਹੈ। ਪਰ ਦੂਜਾ ਸਮੂਹ ਫੋਟੋਆਂ ਨੂੰ ਤੁਰੰਤ ਆਪਣੇ ਵਟਸਐਪ ਨੰਬਰਾਂ ‘ਤੇ ਭੇਜਣ ‘ਤੇ ਅੜਿਆ ਰਿਹਾ।

ਇਸ ਗੱਲ ਨੂੰ ਲੈ ਕੇ ਦੋਵਾਂ ਧੜਿਆਂ ਵਿਚ ਝਗੜਾ ਹੋ ਗਿਆ ਅਤੇ ਇਕ ਦੋਸ਼ੀ ਨੇ ਤੇਜ਼ਧਾਰ ਹਥਿਆਰ ਕੱਢ ਕੇ ਸੂਰੀਆ ਦੀ ਛਾਤੀ ‘ਤੇ ਵਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਦਲੀਪ ਵਜੋਂ ਹੋਈ ਹੈ। ਅਧਿਕਾਰੀ ਮੁਤਾਬਕ ਜ਼ਖਮੀ ਸੂਰਿਆ ਮੌਕੇ ‘ਤੇ ਹੀ ਢਹਿ ਗਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਕੂ ਦੇ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਿਰੋਹ ਆਪਣੇ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਸੁਪਰਡੈਂਟ (ਬੈਂਗਲੁਰੂ ਦਿਹਾਤੀ ਜ਼ਿਲ੍ਹਾ) ਮਲਿਕਾਰਜੁਨ ਬਲਦਾਨੀ ਨੇ ਕਿਹਾ, “ਘਟਨਾ ਦੇ ਸਬੰਧ ਵਿਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਦੋਸਤਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਅਸੀਂ ਘਟਨਾ ਵਿਚ ਸ਼ਾਮਲ ਪੰਜ ਮੁਲਜ਼ਮਾਂ ਵਿਚੋਂ ਦੋ ਦੀ ਪਛਾਣ ਕਰ ਲਈ ਹੈ ਅਤੇ ਬਾਕੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *