ਗਾਂਧੀ ਜਯੰਤੀ ‘ਤੇ ਵਿਸ਼ੇਸ਼: ਅਹਿੰਸਾ ਦੇ ਪੁਜਾਰੀ ਸਨ ‘ਬਾਪੂ ਗਾਂਧੀ’

 ਦੇਸ਼ ’ਚ ਹਰ ਸਾਲ 2 ਅਕਤੂਬਰ ‘ਗਾਂਧੀ ਜਯੰਤੀ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ‘ਚ ਇਕ ਸਾਧਾਰਨ ਪਰਿਵਾਰ ‘ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਨੂੰ ਦੇਸ਼ ਦਾ ਰਾਸ਼ਟਰਪਿਤਾ ਅਤੇ ਬਾਪੂ ਗਾਂਧੀ ਦੇ ਨਾਂ ਤੋਂ ਵੀ ਬੁਲਾਇਆ ਜਾਂਦਾ ਹੈ। ਗਾਂਧੀ ਜੀ ਦੇ ਵਿਚਾਰਾਂ ਤੋਂ ਸਿਰਫ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਲੱਖਾਂ ਲੋਕ ਪ੍ਰਭਾਵਿਤ ਹਨ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਰਹੇ ਹਨ ਅਤੇ ਅੱਗੇ ਵੀ ਲੈਂਦੇ ਰਹਿਣਗੇ। 

ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਾਹ ’ਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਾਰਿਆਂ ਨੂੰ ਸੱਚ ਅਤੇ ਅਹਿੰਸਾ ਦਾ ਪਾਠ ਪੜ੍ਹਾਇਆ। ਹਾਲਾਂਕਿ ਆਜ਼ਾਦੀ ਦਾ ਇਹ ਸਫ਼ਰ ਬਾਪੂ ਲਈ ਆਸਾਨ ਨਹੀਂ ਸੀ। ਉਨ੍ਹਾਂ ਨੂੰ ਲੜਾਈ ਲੜਦੇ ਹੋਏ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ਭੁੱਖ-ਹੜਤਾਲ ਵੀ ਕਰਨੀ ਪਈ। ਮਹਾਤਮਾ ਗਾਂਧੀ ਨੇ ਸਮਾਜ ’ਚ ਬੁਰਾਈਆਂ ਜਿਵੇਂ ਛੂਤਛਾਤ ਅਤੇ ਰੰਗ ਭੇਦਭਾਵ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਮੰਨਣ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ, ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ ‘ਤੇ ਜ਼ੋਰ ਦਿੱਤਾ ਸੀ।

ਗਾਂਧੀ ਜੀ ਸ਼ਾਂਤੀ ਅਤੇ ਮੇਲ-ਮਿਲਾਪ ‘ਚ ਵਿਸ਼ਵਾਸ ਰੱਖਦੇ ਸਨ, ਉਨ੍ਹਾਂ ਇਸਲਾਮ ਅਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਸੀ। ਗਾਂਧੀ ਨੇ ਇਕ ਵਾਰ ਕਿਹਾ ਸੀ ਕਿ “ਮੈਂ ਜੋ ਕੁਝ ਵੇਖਦਾ ਹਾਂ ਉਹ ਇਹ ਹੈ ਕਿ ਜ਼ਿੰਦਗੀ ਮੌਤ ਦੀ ਗਲਵਕੜੀ ‘ਚ ਹੈ, ਸੱਚਾਈ ਝੂਠ ਦੇ ਵਿਚਕਾਰ ਅਤੇ ਰੌਸ਼ਨੀ ਹਨ੍ਹੇਰੇ ਦੇ ਵਿਚਕਾਰ ਆਪਣਾ ਵਜੂਦ ਰੱਖਦੀਆਂ ਹਨ। ਇਸ ਤੋਂ ਮੈਂ ਇਹ ਸਿੱਟਾ ਕੱਢਦਾ ਹਾਂ ਕਿ ਰੱਬ ਜ਼ਿੰਦਗੀ, ਸੱਚਾਈ ਅਤੇ ਚਾਨਣ ਹੈ ਅਤੇ ਉਹ ਪਿਆਰ ਅਤੇ ਸਰਵਉੱਤਮ ਹੈ।”

ਮੋਹਨਦਾਸ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਥਾਨਕ ਸਕੂਲਾਂ ‘ਚ ਹੋਈ। ਉਹ ਰਾਜਕੋਟ ਸਥਿਤ ਅਲਬਰਟ ਹਾਈ ਸਕੂਲ ‘ਚ ਵੀ ਪੜ੍ਹੇ। ਜਦੋਂ ਮਹਾਤਮਾ ਗਾਂਧੀ 13 ਸਾਲਾ ਦੇ ਹੋਏ ਤਾਂ ਉਨ੍ਹਾਂ ਦਾ ਵਿਆਹ 14 ਸਾਲ ਦੀ ਕੁੜੀ ਕਸਤੂਰਬਾ ਮਾਖਨਜੀ ਨਾਲ ਕਰ ਦਿੱਤਾ ਗਿਆ। ਇਹ ਵਿਆਹ ਇਕ ਬਾਲ ਵਿਆਹ ਸੀ, ਜੋ ਉਸ ਸਮੇਂ ਉਸ ਇਲਾਕੇ ‘ਚ ਇਹ ਆਮ ਰੀਤ ਸੀ ਪਰ ਨਾਲ ਹੀ ਉਥੇ ਇਹ ਰੀਤ ਵੀ ਸੀ ਕਿ ਨਾਬਾਲਗ ਲਾੜੀ ਨੂੰ ਪਤੀ ਤੋਂ ਵੱਖ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਸਮੇਂ ਤੱਕ ਰਹਿਣਾ ਪੈਂਦਾ ਸੀ। 1885 ‘ਚ ਜਦੋਂ ਗਾਂਧੀ ਜੀ 15 ਸਾਲ ਦੇ ਸਨ ਉਦੋਂ ਉਨ੍ਹਾਂ ਦੀ ਪਹਿਲੀ ਔਲਾਦ ਹੋਈ ਪਰ ਉਹ ਸਿਰਫ਼ ਕੁਝ ਦਿਨ ਹੀ ਜ਼ਿੰਦਾ ਰਹੀ। ਇਸੇ ਉਪਰੰਤ ਗਾਂਧੀ ਜੀ ਦੇ ਪਿਤਾ ਕਰਮਚੰਦ ਵੀ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਮੋਹਨਦਾਸ ਅਤੇ ਕਸਤੂਰਬਾ ਦੇ ਚਾਰ ਪੁੱਤਾਂ ਨੇ ਜਨਮ ਲਿਆ। ਹਰੀ ਲਾਲ, ਮੁਨੀ ਲਾਲ, ਰਾਮ ਦਾਸ ਅਤੇ ਦੇਵਦਾਸ ਪੈਦਾ ਹੋਏ। ਸਥਾਨਕ ਸਕੂਲਾਂ ‘ਚ ਪੜ੍ਹਾਈ ਕਰਨ ਤੋਂ ਬਾਅਦ ਸਾਲ 1888 ‘ਚ ਗਾਂਧੀ ਜੀ ਵਕਾਲਤ ਦੀ ਪੜ੍ਹਾਈ ਕਰਨ ਲਈ ਲੰਡਨ ਚੱਲੇ ਗਏ। ਜੂਨ 1891 ‘ਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। 

ਗਾਂਧੀ ਦੇ ਅਫ਼ਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ ‘ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੀ ਰੰਗ-ਭੇਦ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ ‘ਚ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਗੂੰਜ ਭਾਰਤ ਤਕ ਪਹੁੰਚ ਚੁੱਕੀ ਸੀ। ਸੰਨ 1915 ‘ਚ ਭਾਰਤ ਆਉਣ ਉਪਰੰਤ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲਏ ਜਾਂਦੇ ਭਾਰੀ ਲਗਾਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। 1921 ‘ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ਼ ‘ਚ ਗਰੀਬੀ ਖ਼ਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖ਼ਤਮ ਕਰਨ ਲਈ ਇਸ ਦੇ ਨਾਲ-ਨਾਲ ਸਵਰਾਜ (ਆਪਣਾ ਰਾਜ) ਲਈ ਬੇਮਿਸਾਲ ਅੰਦੋਲਨ ਚਲਾਇਆ।

Add a Comment

Your email address will not be published. Required fields are marked *