ਇਨ੍ਹਾਂ 4 ਪੰਜਾਬੀਆਂ ਦੀ ਭਾਲ ‘ਚ ਜੁਟੀ ਕੈਨੇਡੀਅਨ ਪੁਲਸ

ਬਰੈਂਪਟਨ- ਪੀਲ ਰੀਜਨਲ ਪੁਲਸ ਬਰੈਂਪਟਨ ਵਿੱਚ ਕੈਮਰੇ ਵਿੱਚ ਕੈਦ ਹੋਈ ਇੱਕ ਕਥਿਤ ਰੋਡ ਰੇਜ ਘਟਨਾ ਵਿੱਚ ਸ਼ਾਮਲ 4 ਪੰਜਾਬੀਆਂ ਦੀ ਭਾਲ ਕਰ ਰਹੀ ਹੈ। ਹੁਣ ਤੱਕ ਪੁਲਸ ਨੇ 2 ਸ਼ੱਕੀਆਂ ਦੀ ਪਛਾਣ 28 ਸਾਲਾ ਅਕਾਸ਼ਦੀਪ ਸਿੰਘ ਅਤੇ 23 ਸਾਲਾ ਰਮਨਪ੍ਰੀਤ ਮਸੀਹ ਵਜੋਂ ਕੀਤੀ ਹੈ। ਤੀਜੇ ਅਤੇ ਚੌਥੇ ਸ਼ੱਕੀ ਦੀ ਪਛਾਣ ਸਿਰਫ ਦੱਖਣੀ ਏਸ਼ੀਆਈ ਨੌਜਵਾਨਾਂ ਵਜੋਂ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਚਾਰ ਜਣੇ ਇਕ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ। ਪੀਲ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਲਗਭਗ 7:20 ਵਜੇ ਈਗਲਰਿਜ ਡਰਾਈਵ ਨੇੜੇ ਟੋਰਬਰਾਮ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ 4 ਸ਼ੱਕੀਆਂ ਨੇ ਪੀੜਤ ਦੀ ਕਾਰ ਨੂੰ ਘੇਰ ਲਿਆ ਅਤੇ ਧਮਕਾਉਂਦੇ ਹੋਏ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਕਾਰ ਵਿਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸਨ। 

ਦਰਅਸਲ ਪੀੜਤ ਗੌਰਵ ਛਾਬੜਾ ਨੇ ਸੀ.ਟੀ.ਵੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਟੋਰਬਰਾਮ ‘ਤੇ ਸਫ਼ਰ ਕਰ ਰਿਹਾ ਸੀ, ਜਦੋਂ ਇਕ ਹੋਰ ਕਾਰ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਘੇਰ ਲਿਆ। ਉਸੇ ਸਮੇਂ, ਚਾਰ ਨੌਜਵਾਨ ਗੱਡੀ ‘ਚੋਂ ਬਾਹਰ ਨਿਕਲੇ ਅਤੇ ਉਸਦੀ ਕਾਰ ਵੱਲ ਵਧੇ। ਇੱਥੇ ਦੱਸ ਦੇਈਏ ਕਿ ਇਹ ਸਾਰੀ ਘਟਨਾ ਡੈਸ਼ਕੈਮ ਵਿਚ ਰਿਕਾਰਡ ਹੋ ਗਈ ਅਤੇ ਇਸ ਘਟਨਾ ਨੂੰ ਛਾਬੜਾ ਨੇ ਆਪਣੇ ਫੋਨ ਵਿਚ ਵੀ ਰਿਕਾਰਡ ਕੀਤਾ। ਛਾਬੜਾ ਮੁਤਾਬਕ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਉਸ ਦੇ ਅਗਲੇ ਬੰਪਰ ਅਤੇ ਹੈੱਡਲਾਈਟਾਂ ਨੂੰ ਲੱਤ ਮਾਰ ਦਿੱਤੀ, ਜਦੋਂ ਕਿ ਇੱਕ ਹੋਰ ਨੇ ਉਨ੍ਹਾਂ ਪ੍ਰਤੀ ਪੰਜਾਬੀ ਭਾਸ਼ਾ ਵਿੱਚ “ਅਪਮਾਨਜਨਕ ਸ਼ਬਦ” ਕਹੇ ਅਤੇ ਦੋ ਵਾਰ ਉਨ੍ਹਾਂ ਦੀ ਬੰਦ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੇ ਡਰਾਈਵਰ ਵਾਲੀ ਸਾਈਡ ਦਰਵਾਜ਼ੇ ‘ਤੇ ਮੁੱਕਾ ਮਾਰਿਆ, ਜਿਸ ਨਾਲ ਵਿੰਡਸ਼ੀਲਡ ਟੁੱਟ ਗਈ। ਇਸ ਮਗਰੋਂ ਉਹ ਸਾਰੇ ਆਪਣੇ ਵਾਹਨ ਵਿੱਚ ਮੌਕੇ ਤੋਂ ਭੱਜ ਗਏ। ਛਾਬੜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਣਾ ਚਾਹੀਦਾ ਹੈ। ਉਥੇ ਹੀ ਪੁਲਸ ਵੱਲੋਂ ਬਰੈਂਪਟਨ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕੋਈ ਇਨ੍ਹਾਂ ਸ਼ੱਕੀਆਂ ਬਾਰੇ ਜਾਣਕਾਰੀ ਰਖਦਾ ਹੈ ਤਾਂ ਉਹ ਉਨ੍ਹਾਂ ਨਾਲ ਤੁਰੰਤ ਸੰਪਰਕ ਕਰੇ। 

Add a Comment

Your email address will not be published. Required fields are marked *