ਧਰਮ ਪਰਿਵਰਤਨ ਅਤੇ ਹਿੰਦੂ ਧਰਮ ਬਾਰੇ ਬੋਲੇ ਫ੍ਰਾਂਸਿਸੀ ਪੱਤਰਕਾਰ ਫ੍ਰਾਂਸਵਾ ਗੌਟੀਅਰ

ਵਾਸ਼ਿੰਗਟਨ : ਫਰਾਂਸ ਦੇ ਇਕ ਪੱਤਰਕਾਰ ਫ੍ਰਾਂਸਵਾ ਗੌਟੀਅਰ ਨੇ ਕਿਹਾ ਕਿ ਹਿੰਦੂ ਕਾਫੀ ਸ਼ਾਂਤੀ ਪਸੰਦ ਲੋਕ ਹਨ। ਹਿੰਦੂ 1.3 ਅਰਬ ਦੀ ਆਬਾਦੀ ਦੇ ਨਾਲ ਭਾਰਤ ਵਿਚ ‘ਬਹੁ-ਗਿਣਤੀ’ ਹਨ ਅਤੇ ਹਿੰਦੁਤਵ ਦੁਨੀਆ ’ਚ ਤੀਸਰਾ ਸਭ ਤੋਂ ਵੱਡਾ ਧਰਮ ਹੈ। ਭਾਰਤ ’ਚ ਹਿੰਦੂ ਚਾਹੇ ਬਹੁ-ਗਿਣਤੀ ਹਨ ਪਰ ਉਹ ਘੱਟ ਗਿਣਤੀ ਹੋਣ ਦੀ ਮਾਨਸਿਕਤਾ ਰੱਖਦੇ ਹਨ ਅਤੇ ਉਨ੍ਹਾਂ ’ਚ ਭਾਈਚਾਰੇ ਦੀ ਕਮੀ ਹੈ। ਇਹ ਸਭ ਤੋਂ ਵੱਡੀ ਸਮੱਸਿਆ ਹੈ।

ਗੌਟੀਅਰ ਨੇ ਇਕ ਇੰਟਰਵਿਊ ’ਚ ਕਿਹਾ ਕਿ ਇਤਿਹਾਸ ਤੋਂ ਇਹ ਸਬਕ ਮਿਲਿਆ ਹੈ ਕਿ ਹਿੰਦੂਆਂ ਨੂੰ ਲੜਨਾ ਚਾਹੀਦਾ ਹੈ। ਅੱਜ ਵੀ ਵਿਸ਼ਵ ’ਚ ਹਰ ਥਾਂ ਹਿੰਦੂਆਂ ’ਤੇ ਹਮਲੇ ਹੋ ਰਹੇ ਹਨ, ਚਾਹੇ ਉਹ ਪਾਕਿਸਤਾਨ ਹੋਵੇ ਜਾਂ ਅਫਗਾਨੀਸਤਾਨ, ਚਾਹੇ ਇਸਾਈ ਮਿਸ਼ਨਰੀ ਵੱਲੋਂ ਧਰਮ ਪਰਿਵਰਤਨ ਹੋਵੇ ਜੋ ਕਿ ਹੁਣ ਭਾਰਤ ’ਚ ਵਿਸ਼ੇਸ਼ ਤੌਰ ’ਤੇ ਦੱਖਣ ਅਤੇ ਪੰਜਾਬ ’ਚ ਵੀ ਇਕ ਵੱਡੀ ਸਮੱਸਿਆ ਹੈ ਜਾਂ ਭਾਰਤ ਦਾ ਪੱਛਮੀਕਰਣ ਹੋਵੇ, ਜੋ ਕੇਬਲ ਟੀ. ਵੀ. ਦੇ ਜ਼ਰੀਏ ਹੋ ਰਿਹਾ ਹੈ। ਫ੍ਰਾਂਸਵਾ ਗੌਟੀਅਰ ਅਮਰੀਕੀ ਰਾਜਧਾਨੀ ’ਚ ‘ਆਰਟ ਆਫ ਲਿਵਿੰਗ’ ਵੱਲੋਂ ਆਯੋਜਿਤ ਵਿਸ਼ਵ ਸੰਸਕ੍ਰਿਤੀ ਮਹਾਉਤਸਵ-2023 ’ਚ ਵੀ ਸ਼ਾਮਿਲ ਹੋਏ। 

ਫ੍ਰਾਂਸੀਸੀ ਪੱਤਰਕਾਰ ਨੇ ਕਿਹਾ ਕਿ ਹਿੰਦੂ ਧਰਮ ਦੁਨੀਆ ’ਤੇ ਕਬਜ਼ਾ ਕਰਨ ਲਈ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਗਿਆ ਜਿਵੇਂ ਕਿ ਇਸਾਈ ਧਰਮ ਨੇ ਦੱਖਣੀ ਅਮਰੀਕਾ ’ਚ ਕੀਤਾ। ਨਾ ਹੀ ਹੋਰ ਸੱਭਿਆਤਾਵਾਂ ਨੂੰ ਖ਼ਤਮ ਕਰ ਦਿੱਤਾ ਜਾਂ ਜਿਵੇਂ ਕਿ ਇਸਲਾਮ ਨੇ ਮਿਸਰ ’ਚ ਕੀਤਾ। ਮਿਸਰ ਸੱਭਿਅਤਾ ਦਾ ਸਫਾਇਆ ਕਰ ਦਿੱਤਾ ਪਰ ਹਿੰਦੂ ਧਰਮ ਨੇ ਕਦੇ ਵੀ ਆਪਣੇ ਆਪ ਨੂੰ ਕਿਸੇ ’ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਅੱਜ ਵੀ ਹਿੰਦੂ ਕਦੇ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਧਰਮ
ਪਰਿਵਰਤਨ ਕਰਨਾ ਚਾਹੀਦੈ ਜਾਂ ਮੈਂ ਤੁਹਾਨੂੰ ਧਰਮ ਪਰਿਵਰਤਨ ਲਈ ਮਿਸ਼ਨਰੀ ਭੇਜਾਂਗਾ।

ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਕਾਫੀ ਤਸੀਹੇ ਦਿੱਤੇ ਗਏ, ਉਨ੍ਹਾਂ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਉਨ੍ਹਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਅਤੇ ਮਹਿਲਾਵਾਂ ਨਾਲ ਜਬਰ-ਜ਼ਨਾਹ ਕੀਤੇ ਗਏ। ਅੱਜ ਵੀ ਹਿੰਦੂਆਂ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਧਰਮਾਂ ਦੇ ਲੋਕਾਂ ਤੱਕ ਪਹੁੰਚ ਰਹੇ ਹਨ, ਚਾਹੇ ਉਹ ਮੁਸਲਮਾਨ ਹੋਣ, ਇਸਾਈ ਜਾਂ ਪੱਛਮੀ ਲੋਕ ਹੋਣ।

ਪਿਛਲੇ ਕਈ ਦਹਾਕਿਆਂ ਤੋਂ ਭਾਰਤ ’ਚ ਰਹਿ ਰਹੇ ਗੌਟੀਅਰ ਨੇ ‘ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਫ ਕਲਚਰ ਟਾਈਜ਼’ ਸਥਾਪਿਤ ਕੀਤਾ ਜੋ ਵੱਖ-ਵੱਖ ਪ੍ਰਦਰਸ਼ਨੀਆਂ ਆਯੋਜਿਤ ਕਰਦੀ ਹੈ ਅਤੇ ਉਸ ਨੇ ਪੁਣੇ ਮਿਊਜ਼ੀਅਮ ਵੀ ਸਥਾਪਿਤ ਕੀਤਾ ਹੈ। ਉਹ ਮਹਾਰਾਸ਼ਟਰ ਦੇ ਪੁਣੇ ’ਚ ਉਨ੍ਹਾਂ ਵੱਲੋਂ ਸਥਾਪਿਤ ‘ਛੱਤਰਪਤੀ ਸ਼ਿਵਾਜੀ ਮਹਾਰਾਜ ਮਿਊਜ਼ੀਅਮ ਆਫ ਇੰਡੀਅਨ ਹਿਸਟਰੀ’ ਲਈ ਫੰਡ ਇਕੱਠਾ ਕਰਨ ਲਈ ਅਮਰੀਕਾ ’ਚ ਹਨ। ਗੌਟੀਅਰ ਨੇ ਕਿਹਾ ਕਿ ਉਨ੍ਹਾਂ ਨੇ ਮਿਊਜ਼ੀਅਮ ਬਣਾਇਆ ਹੈ ਕਿਉਂਕਿ ਇਹ ਭਾਰਤ ਦੇ ਧਰਮ ਅਤੇ ਅਸਲੀ ਇਤਿਹਾਸ ਨੂੰ ਦਿਖਾਉਂਦਾ ਹੈ।

Add a Comment

Your email address will not be published. Required fields are marked *