ਬਿਨਾਂ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ ‘ਚ DME ਵੱਲੋਂ ਨੋਟਿਸ ਜਾਰੀ

ਨਵੀਂ ਦਿੱਲੀ : ਉੱਤਰ ਰੇਲਵੇ ਨੇ ਜੰਮੂ ਦੇ ਕਠੂਆ ਤੋਂ ਪੰਜਾਬ ਦੇ ਉੱਚੀ ਬੱਸੀ ਤਕ ਤਕਰੀਬਨ 70 ਕਿੱਲੋਮੀਟਰ ਤਕ ਬਿਨਾ ਚਾਲਕ ਦੇ ਚੱਲਣ ਵਾਲੀ ਇਕ ਮਾਲਗੱਡੀ ਦੇ ਲੋਕੋ ਪਾਇਲਟ ਨੂੰ ਸੇਵਾ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਸ ਨਾਲ ਲੋਕਾਂ ਦੀ ਜਾਨ ਜਾ ਸਕਦੀ ਸੀ। ਰੇਲਵੇ ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਇਕ ਉੱਚ ਪੱਧਰੀ ਜਾਂਚ ਜਾਰੀ ਹੈ ਤੇ ਕੁਝ ਹੋਰ ਲੋਕਾਂ ਦੇ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਵਿਚ ਅਨੁਸ਼ਾਸਨੀ ਅਥਾਰਟੀ ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜੀਨੀਅਰ (DME) ਵੱਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਸੀ। 

ਨੋਟਿਸ ਵਿਚ ਕਿਹਾ ਗਿਆ, “ਲੋਕੋ ਪਾਇਲਟ ਸੰਦੀਪ ਕੁਮਾਰ ਆਪਣੇ ਫ਼ਰਜ਼ਾਂ ਤੇ ਨਾਲ ਹੀ ਰੇਲਵੇ ਮਾਪਦੰਡਾਂ ਮੁਤਾਬਕ ਸੁਰੱਖਿਅਤ ਵਿਹਾਰ ਦਾ ਪਾਲਨ ਨਹੀਂ ਕਰ ਰਹੇ। ਉਨ੍ਹਾਂ ਨੇ ਇਕ ਸ਼ਾਰਟਕਟ ਅਪਨਾਇਆ ਤੇ ਗਲਤ ਇੰਜਣ ਸਥਿਰਤਾ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ, ਜਿਸ ਕਾਰਨ 53 ਡੱਬਿਆਂ ਵਾਲੀ ਰੇਲਗੱਡੀ ਫ਼ਿਰੋਜ਼ਪੁਰ ਡਿਵੀਜ਼ਨ ਵਿਚ ਲਗਭਗ 70 ਕਿਲੋਮੀਟਰ ਤੱਕ ਚਲੀ ਗਈ। ਇਸ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਨਾਲ ਭਾਰਤੀ ਰੇਲਵੇ ਅਤੇ ਖਾਸ ਤੌਰ ‘ਤੇ ਉੱਤਰੀ ਰੇਲਵੇ ਦਾ ਅਕਸ ਖ਼ਰਾਬ ਹੋਇਆ ਹੈ।”

ਜ਼ਿਕਰਯੋਗ ਹੈ ਕਿ ਡੀਜ਼ਲ ਇੰਜਣ ਨਾਲ ਚੱਲਣ ਵਾਲੀ ਮਾਲਗੱਡੀ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਤੋਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਤੱਕ 70 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਿਨਾਂ ਡਰਾਈਵਰ ਦੇ 70 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ। ਮਾਲ ਗੱਡੀ 8-9 ਸਟੇਸ਼ਨਾਂ ਤੋਂ ਲੰਘ ਗਈ। ਰੇਲਗੱਡੀ ਨੂੰ ਰੇਲਵੇ ਟਰੈਕ ‘ਤੇ ਰੇਤ ਅਤੇ ਲੱਕੜ ਦੇ ਬਲਾਕਾਂ ਵਰਗੀਆਂ ਚੀਜ਼ਾਂ ਰੱਖ ਕੇ ਰੋਕਿਆ ਗਿਆ ਸੀ। ਘਟਨਾ ਤੋਂ ਤੁਰੰਤ ਬਾਅਦ ਉੱਤਰੀ ਰੇਲਵੇ ਨੇ ਲੋਕੋ ਪਾਇਲਟ ਸਮੇਤ ਛੇ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਸੀ।”

Add a Comment

Your email address will not be published. Required fields are marked *