ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਖ਼ਤਰਨਾਕ ਗੈਂਗਸਟਰ ਸੰਧੂ ਗ੍ਰਿਫ਼ਤਾਰ

ਲੁਧਿਆਣਾ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦੀ-ਗੈਂਗਸਟਰ-ਨਸ਼ਾ ਸਮੱਗਲਰ ਦੇ ਨੈੱਟਵਰਕ ’ਚ ਸ਼ਾਮਲ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਦੇ ਬੁਲਾਰੇ ਅਨੁਸਾਰ ਦੋਸ਼ੀ ਦੀ ਪਛਾਣ ਯੁੱਧਵੀਰ ਸਿੰਘ ਉਰਫ਼ ਸੰਧੂ ਵਾਸੀ ਫਤੇਹਾਬਾਦ ਵਜੋਂ ਹੋਈ ਹੈ, ਜੋ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੁਲਸ ਨੂੰ ਚਕਮਾ ਦੇ ਕੇ ਬਚ ਰਿਹਾ ਸੀ।

ਜਾਂਚ ’ਚ ਪਤਾ ਲੱਗਾ ਹੈ ਕਿ ਦੋਸ਼ੀ ਗੈਂਗਸਟਰਾਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ ਅਪਰਾਧਿਕ ਵਾਰਦਾਤਾਂ ਲਈ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦਾ ਸੀ। ਐੱਨ.ਆਈ.ਏ. ਵੱਲੋਂ 24 ਮਾਰਚ 2023 ਨੂੰ ਇਕ ਮਾਮਲੇ ’ਚ 14 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਉਸ ਨਾਲ ਸਬੰਧਿਤ ਮਾਮਲੇ ’ਚ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਮਾਮਲਾ ਦੇਸ਼ ਤੇ ਵਿਦੇਸ਼ ’ਚ ਬੈਠੇ ਅਪਰਾਧਿਕ ਸਿੰਡੀਕੇਟ ਅਤੇ ਗੈਂਗ ਵੱਲੋਂ ਦੇਸ਼ ’ਚ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਦੀ ਭਰਤੀ ਕਰਨ, ਪੈਸਾ ਇਕੱਠਾ ਕਰਨ ਦਾ ਕੰਮ ਕਰਦੇ ਸਨ। ਧਿਆਨ ਦੇਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ ਤਿੰਨ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਦੇਸ਼ ’ਚ ‘ਆਪ੍ਰੇਸ਼ਨ ਧਵਸਤ’ ਚਲਾ ਕੇ ਗੈਂਗਸਟਰਾਂ, ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਰੇਡ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਵੱਲੋਂ ਦੇਸ਼-ਵਿਆਪੀ ਮੁਹਿੰਮ ਚਲਾ ਕੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

Add a Comment

Your email address will not be published. Required fields are marked *