ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA

ਬਹਾਦਰਗੜ੍ਹ – ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਅਤੇ ਉਨ੍ਹਾਂ ਦੇ ਇਕ ਵਰਕਰ ਦੀ ਇਕ ਕਾਰ ’ਚ ਆਏ 4-5 ਹਮਲਾਵਰਾਂ ਨੇ ਐਤਵਾਰ ਸ਼ਾਮ ਇੱਥੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂਚ ਦਰਮਿਆਨ ਇਕ ਤੱਥ ਸਾਹਮਣੇ ਆਇਆ ਹੈ ਕਿ ਕਤਲ ਕਰਨ ਦੀ ਘਟਨਾ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਰਡਰ ਵਾਂਗ ਅੰਜਾਮ ਦਿੱਤਾ ਗਿਆ ਹੈ। ਦੋਵਾਂ ਕਤਲਕਾਂਡ ਨੂੰ ਇਕੋ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ।

ਇਸ ਕਤਲ ਨੂੰ ਅੰਜਾਮ ਦੇਣ ਲਈ ਵੀ ਪਹਿਲਾਂ ਰੇਕੀ ਕੀਤੀ ਗਈ ਸੀ ਫਿਰ ਮੂਸੇਵਾਲਾ ਵਾਂਗ ਸੜਕ ‘ਤੇ ਘੇਰ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਦੋਵਾਂ ਘਟਨਾ ਵਿਚ ਹਮਲਾਵਰਾਂ ਨੇ ਆਪਣੇ ਟਾਰਗੈੱਟ ਨੂੰ ਸੰਭਲਨ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਟਾਰਗੈੱਟ ਨੂੰ ਭੁੰਨ ਦਿੱਤਾ ਗਿਆ ਹੈ। ਮੂਸੇਵਾਲਾ ਦੀ ਵੀ ਕਤਲ ਤੋਂ ਪਹਿਲਾਂ ਸੁਰੱਖਿਆ ਘੱਟ ਸੀ ਅਤੇ ਰਾਠੀ ਕੋਲ ਵੀ ਸੁਰੱਖਿਆ ਕਰਮਚਾਰੀ ਨਹੀਂ ਸਨ।

ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਕਤਲ ਗੈਂਗਸਟਰ ਲਾਰੈਂਸ ਦੇ ਗੁਰਗਿਆਂ ਵਲੋਂ ਕੀਤਾ ਗਿਆ ਸੀ। ਹੁਣ ਨਫੇ ਸਿੰਘ ਰਾਠੀ ਦੇ ਕਤਲ ਲਈ ਵੀ ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਇਨੈਲੋ ਵਿਧਾਇਕ ਅਭੈ ਚੌਟਾਲਾ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਦਾ ਨਾਂ ਲੈ ਕੇ ਜ਼ਿੰਮੇਦਾਰ ਲੋਕ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਫੇ ਸਿੰਘ ਰਾਠੀ ਨੇ ਕੁਝ ਦਿਨ ਪਹਿਲਾਂ ਹੀ ਹਰਿਆਣੇ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਨਫੇ ਸਿੰਘ ਰਾਠੀ ਦੇ ਕਤਲ ਮਾਮਲੇ ਦੀ ਜਾਂਚ ਲਈ ਹਰਿਆਣੇ ਦੀਆਂ 5 ਟੀਮਾਂ ਲਗਾਈਆਂ ਗਈਆਂ ਹਨ। ਸ਼ੁਰੂਆਤੀ ਜਾਂਚ ਦਰਮਿਆਨ ਨਫੇ ਸਿੰਘ ਰਾਠੀ ‘ਤੇ 40-50 ਤੋਂ ਜ਼ਿਆਦਾ ਰਾਊਂਡ ਫ਼ਾਇਰ ਕਰਨ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਅਜੇ ਕੀਤਾ ਜਾਣਾ ਹੈ। 

29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਵੀ ਇਸੇ ਢੰਗ ਨਾਲ ਕੀਤਾ ਗਿਆ ਸੀ। ਇਸ ਵਿਚ ਮੂਸੇਵਾਲਾ ‘ਤੇ 30 ਰਾਊਂਡ ਫਾਇਰ ਕੀਤੇ ਗਏ ਸਨ ਜਿਸ ਵਿਚੋਂ ਮੂਸੇਵਾਲਾ ਨੂੰ 19 ਗੋਲੀਆਂ ਲੱਗੀਆਂ ਸਨ। ਦੋਵਾਂ ਕਤਲਕਾਡਾਂ ‘ਚ ਹਮਲਾਵਰਾਂ ਨੇ ਮਾਡਰਨ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ। 

ਘਟਨਾ ਦੌਰਾਨ ਰਾਠੀ ਦਾ ਡਰਾਈਵਰ ਅਤੇ ਗੰਨਮੈਨ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਰਾਤ ਦੇਰ ਗਏ ਤਕ ਨਾਜ਼ੁਕ ਬਣੀ ਹੋਈ ਸੀ। ਮ੍ਰਿਤਕ ਵਰਕਰ ਦੀ ਪਛਾਣ ਜੈਕਿਸ਼ਨ ਦਲਾਲ ਵਜੋਂ ਹੋਈ ਹੈ। 

Add a Comment

Your email address will not be published. Required fields are marked *