ਲੋਹੀਆਂ ਖ਼ਾਸ ਵਿਖੇ 100 ਸਾਲਾ ਬੀਬੀ ਨੂੰ ਦਫ਼ਨਾਉਣ ਲਈ ਨਹੀਂ ਮਿਲੀ 2 ਗਜ਼ ਜ਼ਮੀਨ

ਲੋਹੀਆਂ ਖਾਸ – ਈਸਾਈ ਔਰਤ ਬੀਬੀ ਬਚਨੀ ਨੂੰ ਮੌਤ ਤੋਂ ਬਾਅਦ ਬਸਤੀ ਨਿਹਾਲੂਵਾਲ ’ਚ 2 ਗਜ਼ ਜ਼ਮੀਨ ਕਬਰ ਲਈ ਨਸੀਬ ਨਾ ਹੋਈ। ਇਸ ਸਬੰਧੀ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਕਿਹਾ ਕਿ ਬਲਾਕ ਲੋਹੀਆਂ ਖ਼ਾਸ ਦੀ ਗ੍ਰਾਮ ਪੰਚਾਇਤ ਬਸਤੀ ਨਿਹਾਲੂਵਾਲ ’ਚ ਈਸਾਈ ਭਾਈਚਾਰੇ ਦੇ 20-25 ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ’ਚੋਂ ਹੀ ਰਹਿੰਦੀ 100 ਸਾਲ ਦੇ ਕਰੀਬ ਬੀਬੀ ਬਚਨੀ ਦੀ ਮੌਤ ਹੋਣ ’ਤੇ ਪਿੰਡ ਦੇ ਸਰਪੰਚ ਵੱਲੋਂ ਕਥਿਤ ਪਹਿਲਾਂ ਤੋਂ ਚੱਲੇ ਆ ਰਹੇ ਕਬਰਿਸਤਾਨ ਅਤੇ ਸ਼ਮਸ਼ਾਨਘਾਟ ’ਚ ਦਫ਼ਨਾਉਣ ਤੋਂ ਰੋਕ ਕੇ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਇਥੇ ਨਹੀਂ ਦਫ਼ਨਾਇਆ ਜਾਵੇਗਾ, ਤੁਸੀਂ ਆਪਣੇ ਲਈ ਵੱਖਰਾ ਕਬਰਸਤਾਨ ਖ਼ਰੀਦ ਕੇ ਆਪਣੇ ਮੁਰਦਿਆਂ ਨੂੰ ਦਫ਼ਨਾਓ।

ਮਜਬੂਰੀ ਵੱਸ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਬਜ਼ੁਰਗ ਮਾਤਾ ਦਾ ਜਨਾਜ਼ਾ ਆਪਣੇ ਘਰ ਦੇ ਨਜ਼ਦੀਕ ਆਪਣੀ ਨਿੱਜੀ ਜਗ੍ਹਾ ’ਚ ਹੀ ਕਰਨਾ ਪਿਆ। ਸੋਨੂ ਅਰੋੜਾ ਨੇ ਪੰਚਾਇਤ ਦੀ ਇਸ ਗੈਰ-ਜ਼ਿੰਮੇਵਾਰੀ ’ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਗ੍ਰਾਮ ਪੰਚਾਇਤ ’ਚ ਈਸਾਈ, ਮੁਸਲਮਾਨ ਦੀ ਮੌਤ ਉਪਰੰਤ ਦਫ਼ਨਾਉਣ ਵਾਸਤੇ ਵਿਸ਼ੇਸ਼ ਤੌਰ ’ਤੇ ਕਬਰਿਸਤਾਨ ਲਈ ਜਗ੍ਹਾ ਛੱਡਣ ਦੇ ਹੁਕਮ ਦਿੱਤੇ ਗਏ ਹਨ ਪਰ ਇਨ੍ਹਾਂ ਹੁਕਮਾਂ ਨੂੰ ਉਕਤ ਗ੍ਰਾਮ ਪੰਚਾਇਤ ਨੇ ਨਜ਼ਰਅੰਦਾਜ਼ ਕਰਦਿਆਂ ਆਪਣਾ ਨਾਦਰਸ਼ਾਹੀ ਹੁਕਮ ਲਾਗੂ ਕਰਕੇ ਜਨਾਜ਼ੇ ਦੀ ਘੋਰ ਬੇਅਦਬੀ ਕੀਤੀ ਹੈ।

ਇਸ ਦਾ ਈਸਾਈ ਭਾਈਚਾਰੇ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਜੇਕਰ ਮੌਤ ਉਪਰੰਤ ਵੀ ਪਿੰਡ ’ਚ ਜਗ੍ਹਾ ਨਹੀਂ ਮਿਲਦੀ ਤਾਂ ਉਹ ਕਿੱਥੇ ਜਾਣ? ਇਹ ਇਕ ਸਵਾਲੀਆ ਨਿਸ਼ਾਨ ਮੌਜੂਦਾ ਸਰਕਾਰ ’ਤੇ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਸਰਪੰਚ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਸੂਬੇ ’ਚ ਰਾਜ ਕਰਦੀਆਂ ਵੱਖ-ਵੱਖ ਪਾਰਟੀਆਂ ਨੇ ਘੱਟ ਗਿਣਤੀ ਮੁਸਲਮਾਨਾਂ ਅਤੇ ਈਸਾਈਆਂ ਨਾਲ ਕਬਰਿਸਤਾਨਾਂ ਦੇ ਮਾਮਲੇ ’ਤੇ ਸਿਰਫ਼ ਸਿਆਸਤ ਕੀਤੀ ਹੈ। 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਮੁਰਦੇ ਦਫ਼ਨਾਉਣ ਲਈ 2 ਗਜ਼ ਜ਼ਮੀਨ ਮੁਹੱਈਆ ਨਹੀਂ ਕਰਵਾ ਸਕੀਆਂ।

Add a Comment

Your email address will not be published. Required fields are marked *