ਗੈਂਗਸਟਰ ਟੀਨੂ ਦੀ ‘ਪ੍ਰੇਮਿਕਾ’ ਖ਼ਿਲਾਫ਼ ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ

ਮਾਨਸਾ, 5 ਅਕਤੂਬਰ– ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਮਾਨਸਾ ਸੀਆਈਏ ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫ਼ਰਾਰ ਕਰਵਾਉਣ ਵਿੱਚ ਉਸ ਦੀ ਕਥਿਤ ਮਦਦਗਾਰ ਪ੍ਰੇਮਿਕਾ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ। ਭਾਵੇਂ ਪ੍ਰੇਮਿਕਾ ਵਾਲੀ ਗੱਲ ਨੂੰ ਮੀਡੀਆ ਰਾਹੀਂ ਵੱਡੇ ਪੱਧਰ ’ਤੇ ਉਭਾਰਿਆ ਗਿਆ ਹੈ, ਪਰ ਉਸ ਦੀ ਪਛਾਣ ਅਤੇ ਉਸ ਵਿਰੁੱਧ ਕਾਰਵਾਈ ਲਈ ਅਜੇ ਤੱਕ ਵੀ ਪੁਲੀਸ ਅਧਿਕਾਰੀਆਂ ਦੇ ਮੂੰਹ ਬੰਦ ਹਨ। ਇਸ ਮਾਮਲੇ ਲਈ ਆਈਜੀ ਪਟਿਆਲਾ ਐਮਐਸ ਛੀਨਾ ਦੀ ਅਗਵਾਈ ਹੇਠ ਬਣੀ ਸਿਟ ਦੇ ਉੱਚ ਅਧਿਕਾਰੀ ਵੀ ਬੋਲਣ ਲਈ ਤਿਆਰ ਨਹੀਂ ਹਨ। ਇਸ ਸਿਟ ਦੇ ਮੈਂਬਰ ਅਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਕਿਹਾ ਕਿ ਭਾਵੇਂ ਦੀਪਕ ਟੀਨੂ ਦੇ ਭੱਜਣ ਵਾਲੇ ਮਾਮਲੇ ’ਚ ਮੀਡੀਆ ਦੇ ਇੱਕ ਹਿੱਸੇ ਵਿੱਚ ਲੜਕੀ ਦੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ, ਪਰ ਪੁਲੀਸ ਦੀ ਜਾਂਚ ਦੌਰਾਨ ਅਜੇ ਤੱਕ ਉਸ ਦੀ ਕੋਈ ਸ਼ਨਾਖ਼ਤ ਨਹੀਂ ਹੋਈ ਹੈ। ਉਨ੍ਹਾਂ ਟੀਨੂ ਦੇ ਏਟੀਐਮ ਤੋਂ ਕੈਸ਼ ਲੈ ਕੇ ਫ਼ਰਾਰ ਹੋਣ ਬਾਰੇ ਵੀ ਖੁੱਲ੍ਹ ਕੇ ਤੱਥਾਂ ਸਣੇ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਦੀਪਕ ਟੀਨੂ ਦੇ ਝੁਨੀਰ ਤੋਂ ਫ਼ਰਾਰ ਹੋਣ ਦੀ ਗੱਲ ਪੜਤਾਲ ਦੌਰਾਨ ਗ਼ਲਤ ਨਿਕਲੀ ਹੈ।

ਐੱਸਆਈਟੀ ਮੁਖੀ ਐਮਐਸ ਛੀਨਾ ਸਣੇ ਬਾਕੀ ਸਾਰੇ ਅਧਿਕਾਰੀ ਇਸ ਮਾਮਲੇ ਨਾਲ ਸਬੰਧਿਤ ਹਰ ਸਵਾਲ ਦੀ ਜਾਂਚ ਦਾ ਵਿਸ਼ਾ ਦੱਸ ਕੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਇੱਕ ਗੱਲ ਜੋ ਹੁਣ ਤੱਕ ਸਾਹਮਣੇ ਆਈ ਹੈ, ਉਸ ਅਨੁਸਾਰ ਦੀਪਕ ਟੀਨੂ ਨੂੰ ਉਸ ਦੀ ‘ਪ੍ਰੇਮਿਕਾ’ ਨਾਲ ਮਿਲਾਉਣ ਲਈ ਪ੍ਰਿਤਪਾਲ ਸਿੰਘ ਵੱਲੋਂ ਆਪਣੀ ਪ੍ਰਾਈਵੇਟ ਗੱਡੀ ਵਿੱਚ ਸ਼ਹਿਰ ਵਿਚੋਂ ਦੀ ਡੀਸੀ ਦੀ ਸਰਕਾਰੀ ਰਿਹਾਇਸ਼ ਤੱਕ ਲਿਜਾਣ ਦਾ ਖ਼ੁਲਾਸਾ ਹੋਇਆ ਹੈ। ਐੱਸਐੱਸਪੀ ਮਾਨਸਾ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਸ ਤੋਂ ਬਾਅਦ ਵਾਲੇ ਰਸਤੇ ਦੇ ਕੈਮਰਿਆਂ ਦੀ ਪੁਲੀਸ ਪੜਤਾਲ ਕਰ ਰਹੀ ਹੈ। ਦੂਜੇ ਪਾਸੇ, ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡਿਪਟੀ ਕਮਿਸ਼ਨਰ ਦੇ ਘਰ ਕੋਲ ਜਦੋਂ ਦੀਪਕ ਟੀਨੂ ਤੇ ਪ੍ਰਿਤਪਾਲ ਸਿੰਘ ਪਹੁੰਚੇ ਤਾਂ ਉਸ ਵੇਲੇ ਇੱਕ ਕਾਲੇ ਤੇ ਦੂਜੀ ਚਿੱਟੇ ਰੰਗ ਦੀਆਂ ਦੋ ਗੱਡੀਆਂ ਆਈਆਂ। ਇਸ ਬਾਰੇ ਪੁਲੀਸ ਨੇ ਅੱਜ ਜਾਂਚ ਆਰੰਭ ਕੀਤੀ ਹੈ। ਭਾਵੇਂ ਪ੍ਰਿਤਪਾਲ ਸਿੰਘ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਉਸ ਨੇ ਟੀਨੂ ਦੇ ਕਿਸੇ ਲੜਕੀ ਜਾਂ ਕਾਂਸਟੇਬਲ ਮਹਿਲਾ ਦੋਸਤ ਨਾਲ ਸਬੰਧ ਹੋਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਟੀਨੂ ਕੈਲੀਫੋਰਨੀਆ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ।

ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਟੀਨੂੰ ਕੈਲੇਫੋਰਨੀਆ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਜ਼ਿਕਰਯੋਗ ਹੈ ਕਿ ਜੇਲ੍ਹ ਵਿੱਚ ਬੰਦ ਟੀਨੂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਇਆ ਸੀ, ਇਸ ਦੌਰਾਨ ਉਹ ਕਈ ਬਾਹਰੀ ਸਾਥੀਆਂ ਦੇ ਸੰਪਰਕ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ।

Add a Comment

Your email address will not be published. Required fields are marked *