ਪਾਕਿਸਤਾਨ ‘ਚ ਫਿਰ ਪੋਲੀਓ ਟੀਕਾਕਰਨ ਸਮੂਹ ‘ਤੇ ਹੋਇਆ ਹਮਲਾ

ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ‘ਚ ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਦੇ ਹਮਲੇ ‘ਚ ਪੋਲੀਓ ਟੀਕਾਕਰਨ ਸਮੂਹ ਦੀ ਸੁਰੱਖਿਆ ਕਰ ਰਹੇ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਘਟਨਾ ਕਵੇਟਾ ਦੇ ਨਵਾ ਕਿੱਲੀ ਇਲਾਕੇ ‘ਚ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 26 ਲੱਖ ਬੱਚਿਆਂ ਨੂੰ ਟੀਕਾਕਰਨ ਕਰਨ ਲਈ ਇਕ ਹਫ਼ਤੇ ਤੱਕ ਚੱਲੀ ਮੁਹਿੰਮ ਦੇ ਪਹਿਲੇ ਦਿਨ ਵਾਪਰੀ।
ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ‘ਚ ਪੋਲੀਓ ਟੀਕਾਕਰਨ ਸਮੂਹ ਦੇ ਮੈਂਬਰ ਵਾਲ-ਵਾਲ ਬਚ ਗਏ ਪਰ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਦੋ ਪੁਲਸ ਮੁਲਾਜ਼ਮ ਮਾਰੇ ਗਏ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਪ੍ਰਭਾਰੀ ਆਸਿਫ਼ ਮਾਰਵਤ ਨੇ ਕਿਹਾ, “ਜਦੋਂ ਪੋਲੀਓ ਟੀਕਾਕਰਨ ਟੀਮ ਗੁਆਂਢ ‘ਚ ਇੱਕ ਘਰ ਦਾ ਦਰਵਾਜ਼ਾ ਖੜਕਾ ਰਹੀ ਸੀ ਤਾਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਟੀਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ”ਉਨ੍ਹਾਂ ਨੇ ਦੱਸਿਆ ਨਵਾ ਕਿੱਲੀ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ‘ਚ ਪੋਲੀਓ ਮੁਹਿੰਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਅਤੇ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦੀ ਅਤੇ ਕੱਟੜਪੰਥੀ ਬੱਚਿਆਂ ਦੀ ਸਿਹਤ ਦੀ ਰੱਖਿਆ ਲਈ ਮੁਹਿੰਮ ਨੂੰ ਰੋਕ ਨਹੀਂ ਪਾਉਣਗੇ।

Add a Comment

Your email address will not be published. Required fields are marked *