ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ

MSP ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਨਾਲ ਹੁਣ ਤੱਕ ਤਿੰਨ ਦੌਰ ਦੀ ਬੈਠਕ ਹੋ ਚੁੱਕੀ ਹੈ। ਤੀਜੇ ਦੌਰ ਦੀ ਬੈਠਕ ਵੀ ਬੇਨਤੀਜਾ ਰਹੀ। ਹੁਣ ਚੌਥੇ ਦੌਰ ਦੀ ਗੱਲਬਾਤ ਐਤਵਾਰ ਯਾਨੀ ਕਿ ਕੱਲ ਹੋਵੇਗੀ। ਉਮੀਦ ਹੈ ਕਿ MSP ਦੀ ਗਾਰੰਟੀ ਅਤੇ ਨਕਲੀ ਕੀਟਨਾਸ਼ਕਾਂ ਦੇ ਮੁੱਦੇ ‘ਤੇ ਗੱਲਬਾਤ ਹੋਵੇਗੀ, ਜਿਸ ਨੂੰ ਲੈ ਕੇ ਸਰਕਾਰ ਨੇ ਭਰੋਸਾ ਦਿੱਤਾ ਹੈ। ਇਸ ਬਾਬਤ ‘ਪੰਜਾਬ ਕੇਸਰੀ’ ਦੇ ਰਿਪੋਰਟ ਸੁਧੀਰ ਪਾਂਡੇ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨਾਲ ਖ਼ਾਸ ਗੱਲਬਾਤ ਕੀਤੀ।

ਇਸ ਗੱਲਬਾਤ ਦੌਰਾਨ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਤੀਜੇ ਦੌਰ ਦੀ ਗੱਲਬਾਤ ਤਾਂ ਠੀਕ ਹੋਈ। ਮੰਤਰੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਠੋਸ ਹੱਲ ਕਰਨਾ ਚਾਹੁੰਦੇ ਹਾਂ। ਪੰਧੇਰ ਨੇ ਕਿਹਾ ਕਿ ਇਕੱਲੇ ਭਰੋਸੇ ਦਾ ਤਾਂ ਕੁਝ ਨਹੀਂ ਹੋਵੇਗਾ। ਸਾਡੀਆਂ ਮੰਗਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇ, ਇਸ ਲਈ ਉਨ੍ਹਾਂ ਨੇ ਕੁਝ ਸਮਾਂ ਮੰਗਿਆ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੋ ਅਗਲੀ ਬੈਠਕ ਹੋਵੇਗੀ, ਉਸ ਵਿਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਪੰਧੇਰ ਨੇ ਕਿਹਾ ਕਿ ਸਾਡਾ ਦਿੱਲੀ ਜਾਣਾ ਅਣਖ ਦੀ ਗੱਲ ਨਹੀਂ ਹੈ। ਅਸੀਂ ਮਿਲ ਬੈਠ ਕੇ ਮਸਲਿਆਂ ਦਾ ਹੱਲ ਚਾਹੁੰਦੇ ਹਾਂ। ਸਰਕਾਰ ਬੁਲਾਏਗੀ ਤਾਂ ਅਸੀਂ ਜਾਵਾਂਗੇ। ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਸਾਡਾ ਦਿੱਲੀ ਕੂਚ ਕਰਨ ਦਾ ਫ਼ੈਸਲਾ ਪੱਕਾ ਹੈ। 

ਪੰਧੇਰ ਮੁਤਾਬਕ ਸਾਡਾ ਅੰਦੋਲਨ ਸ਼ਾਂਤੀਪੂਰਨ ਰਹੇਗਾ। ਅੰਦੋਲਨ ਵਿਚ ਕਿਸਾਨ ਗਿਆਨ ਸਿੰਘ ਸ਼ਹੀਦ ਹੋ ਗਏ, ਇਸ ਬਾਬਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ 20 ਲੱਖ ਰੁਪਏ ਅਤੇ ਪਰਿਵਾਰ ਲਈ ਨੌਕਰੀ ਦੀ ਮੰਗ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਹੋਵੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਸ਼ਾਂਤੀਪੂਰਨ ਅੰਦੋਲਨ ਲਈ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਸੀਂ ਗੱਲਬਾਤ ਰਾਹੀਂ ਮੁੱਦਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ। 

Add a Comment

Your email address will not be published. Required fields are marked *