ਇਸ ਸੂਬੇ ਵਿਚ 500 ਰੁਪਏ ਦਾ ਮਿਲੇਗਾ ਰਸੋਈ ਗੈਸ ਸਿਲੰਡਰ

ਜੈਪੁਰ : ਰਾਜਸਥਾਨ ਦੇ ਬੀ.ਪੀ.ਐੱਲ. ਤੇ ਉੱਜਵਲਾ ਯੋਜਨਾ ਵਿਚ ਸ਼ਾਮਲ ਪਰਿਵਾਰਾਂ ਨੂੰ ਹੁਣ 500 ਰੁਪਏ ਵਿਚ ਗੈਸ ਸਿਲੰਡਰ ਮਿਲੇਗਾ। ਇਸਦੇ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਗੈਸ ਸਿਲੰਡਰ ਯੋਜਨਾ ਦੇ ਤਹਿਤ 750 ਕਰੋੜ ਰੁਪਏ ਦੇ ਵਿੱਤੀ ਪ੍ਰਸਤਾਅ ਨੂੰ ਮਨਜ਼ੂਰੀ ਦਿੱਤੀ ਹੈ। ਇਸ ਫ਼ੈਸਲੇ ਨਾਲ ਸੂਬੇ ਦੇ 73 ਲੱਖ ਤੋਂ ਵੱਧ ਪਰਿਵਾਰਾਂ ਨੂੰ ਫ਼ਾਇਦਾ ਮਿਲੇਗਾ।

ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਇਕ ਅਪ੍ਰੈਲ ਤੋਂ ਸਸਤੀ ਕੀਮਤ ‘ਤੇ ਹਰ ਮਹੀਨੇ ਇਕ ਸਿਲੰਡਰ ਮਿਲ ਸਕੇਗਾ। ਇਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਉੱਜਵਲਾ ਯੋਜਨਾ ਦੇ ਕਨੈਕਸ਼ਨਧਾਰੀ ਪਰਿਵਾਰਾਂ ਨੂੰ ਪ੍ਰਤੀ ਗੈਸ ਸਿਲੰਡਰ 410 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉੱਥੇ ਹੀ, ਬੀ.ਪੀ.ਐੱਲ. ਗੈਸ ਕਨੈਕਸ਼ਨ ਧਾਰਕਾਂ ਨੂੰ ਪ੍ਰਤੀ ਗੈਸ ਸਿਲੰਡਰ 610 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਲਾਭਪਾਤਰੀ ਵੱਲੋਂ ਸਿਲੰਡਰ ਖ਼ਰੀਦੇ ਜਾਣ ‘ਤੇ ਉਸ ਦੇ ਜਨ-ਅਧਾਰ ਨਾਲ ਲਿੰਕ ਖ਼ਾਤੇ ਵਿਚ ਸਬਸਿਡੀ ਦੀ ਰਾਸ਼ੀ ਭੇਜ ਦਿੱਤੀ ਜਾਵੇਗੀ। 

1 ਅਪ੍ਰੈਲ, 2023 ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲਾਭਪਾਤਰੀਆਂ ਨੂੰ ਵੀ ਇਸ ਯੋਜਨਾ ਫ਼ਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਬਜਟ 2023-24 ਵਿਚ ਬੀ.ਪੀ.ਐੱਲ ਤੇ ਉੱਜਵਲਾ ਯੋਜਨਾ ਵਿਚ ਸ਼ਾਮਲ ਪਰਿਵਾਰਾਂ ਨੂੰ 500 ਰੁਪਏ ਵਿਚ ਸਿਲੰਡਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਉਕਤ ਐਲਾਨ ਨੂੰ ਲਾਗੂ ਕਰਦਿਆਂ ਇਹ ਮਨਜ਼ੂਰੀ ਦਿੱਤੀ ਗਈ ਹੈ।

Add a Comment

Your email address will not be published. Required fields are marked *