ਮੋਬਾਇਲ ਵਿੰਗ ਨੇ ਬੋਗਸ ਬਿਲਿੰਗ ਨੈੱਟਵਰਕ ਦਾ ਭੰਨਿਆ ਭਾਂਡਾ

ਲੁਧਿਆਣਾ – ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਬੀਤੇ ਦਿਨੀਂ ਬੋਗਸ ਬਿੱਲ ਦੇ ਇਕ ਨੈੱਟਵਰਕ ਦਾ ਭਾਂਡਾ ਭੰਨਿਆ ਹੈ ਅਤੇ ਸਰਕਾਰ ਦੇ ਰੈਵੇਨਿਊ ਸਬੰਧੀ ਲੱਖਾਂ ਦੀ ਟੈਕਸ ਰਿਕਵਰੀ ਕੀਤੀ। ਇਹ ਕਾਰਵਾਈ ਵਧੀਕ ਕਮਿਸ਼ਨਰ ਪੰਜਾਬ (ਪੀ. ਸੀ. ਐੱਸ.) ਜੀਵਨਜੋਤ ਕੌਰ ਦੇ ਨਿਰਦੇਸ਼ਾਂ ਅਤੇ ਇਨਫੋਰਸਮੈਂਟ ਡਾਇਰੈਕਟਰ ਪੰਜਾਬ (ਮੋਬਾਇਲ ਵਿੰਗ) ਟੀ. ਪੀ. ਐੱਸ. ਸਿੱਧੂ ਦੀ ਅਗਵਾਈ ’ਚ ਕੀਤੀ ਗਈ।

ਦੱਸ ਦਿੱਤਾ ਜਾਵੇ ਕਿ ਬੀਤੇ ਦਿਨੀਂ ਸਟੇਟ ਟੈਕਸ ਅਫਸਰ ਪੱਧਰ ਦੇ ਅਧਿਕਾਰੀ ਨੇ ਅਚਾਨਕ ਚੈਕਿੰਗ ਦੌਰਾਨ ਸਰਹੰਦ ਕੋਲ ਸ਼ੱਕ ਦੇ ਆਧਾਰ ’ਤੇ ਇਕ ਗੱਡੀ ਨੂੰ ਰੋਕਿਆ, ਜਿਸ ’ਚ ਅਧਿਕਾਰੀ ਨੇ ਦੱਸਿਆ ਕਿ ਗੱਡੀ ’ਚ ਈ-ਵੇ ਬਿੱਲ ਦੇ ਮੁਤਾਬਕ ਟੀ. ਐੱਮ. ਟੀ. (ਸਰੀਆ) ਦਿਖਾ ਕੇ ਈ-ਵੇ ਬਿੱਲ ਪੋਰਟਲ ’ਤੇ ਸ਼ੋਅ ਹੋ ਰਿਹਾ ਸੀ ਪਰ ਫਿਜ਼ੀਕਲ ਗੱਡੀ ’ਚ ਟੀ. ਐੱਮ. ਟੀ. ਦਾ ਨਾਮੋਨਿਸ਼ਾਨ ਨਹੀਂ ਸੀ ਅਤੇ ਗੱਡੀ ਬੋਰੀਆਂ ਨਾਲ ਭਰੀ ਹੋਈ ਪਾਈ ਗਈ। ਜਦੋਂ ਗੰਡੀ ਦੀ ਅੱਗੇ ਜਾਂਚ ਕੀਤੀ ਗਈ ਤਾਂ ਉਸ ’ਚ ਐਨੀਮਲ ਫੀਡ ਪਾਈ ਗਈ, ਜੋ ਇਕ ਟੈਕਸ ਫ੍ਰੀ ਕੈਟਾਗਰੀ ’ਚ ਆਉਂਦੀ ਹੈ। ਮੌਕੇ ’ਤੇ ਦਸਤਾਵੇਜ਼ ਚੈੱਕ ਕਰਨ ’ਤੇ ਬਿੱਲ ਐਨੀਮਲ ਫੀਡ ਦੇ ਹੀ ਦਿਖਾਏ ਗਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਕਤ ਗੱਡੀ ’ਚ ਮੌਜੂਦ ਡਰਾਈਵਰ ਤੋਂ ਪੁੱਛਿਆ ਕਿ 6 ਵਜੇ ਗੱਡੀ ’ਚ ਲੱਦਿਆ ਟੀ. ਐੱਮ. ਟੀ. ਕਿੱਥੇ ਉਤਾਰਿਆ ਹੈ ਤਾਂ ਡਰਾਈਵਰ ਨੇ ਹੈਰਾਨ ਕਰ ਦੇਣ ਵਾਲੇ ਤੱਥਾਂ ਤੋਂ ਜਾਣੂ ਕਰਵਾਇਆ।

ਉਸ ਨੇ ਦੱਸਿਆ ਕਿ ਉਕਤ ਨੇ ਗੱਡੀ ’ਚ ਕਾਫੀ ਲੰਬੇ ਸਮੇਂ ਤੋਂ ਟੀ. ਐੱਮ. ਟੀ. ਸਰੀਆ ਲੱਦਿਆ ਹੀ ਨਹੀਂ ਹੈ। ਉਪਰੰਤ ਗੱਡੀ ਨੂੰ ਅੱਗੇ ਦੀ ਜਾਂਚ ਲਈ ਰੋਕਿਆ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ੱਕ ਹੋਇਆ ਅਤੇ ਕਾਰਵਾਈ ਦਾ ਰੁਖ ਬੋਗਸ ਬਿਲਿੰਗ ਵੱਲ ਮੋੜਿਆ। ਅਧਿਕਾਰੀਆਂ ਨੇ ਡਾਟਾ ਚੈੱਕ ਕੀਤਾ ਤਾਂ ਪਾਇਆ ਕਿ ਮੰਡੀ ਗੋਬਿੰਦਗੜ੍ਹ ਦੀ ਇਕ ਫਰਮ ਅੰਮ੍ਰਿਤਸਰ ਸਥਿਤ ਇਕ ਫਰਮ ਨੂੰ ਟੀ. ਐੱਮ. ਟੀ. ਦੇ ਬੋਗਸ ਬਿੱਲ ਕੱਟ ਰਹੀ ਸੀ, ਜਿਸ ਨੇ ਬੀਤੇ 4 ਦਿਨਾਂ ’ਚ 8 ਗੱਡੀਆਂ ਟੀ. ਐੱਮ. ਟੀ. ਦੀਆਂ ਭੇਜੀਆਂ ਸਨ। ਬਾਕੀ ਗੱਡੀਆਂ ਦੀ ਈ-ਵੇ ਬਿੱਲ ਦੇ ਆਧਾਰ ’ਤੇ ਜਾਂਚ ਕੀਤੀ ਗਈ ਤਾਂ ਗੱਡੀਆਂ ਵੈਸਟ ਬੰਗਾਲ, ਯੂ. ਪੀ. ਵਰਗੇ ਹੋਰਨਾਂ ਰਾਜਾਂ ’ਚ ਘੁੰਮ ਰਹੀਆਂ ਸਨ।

ਅਧਿਕਾਰੀਆਂ ਨੇ ਕਾਰਵਾਈ ਪੁਖਤਾ ਕਰਨ ਲਈ ਸਬੂਤ ਇਕੱਠੇ ਕਰਨ ਵਾਸਤੇ ਲੁਧਿਆਣਾ ਦੀ ਟੀਮ ਨੂੰ ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਦੀ ਟੀਮ ਨੂੰ ਅੰਮ੍ਰਿਤਸਰ ਭੇਜਿਆ, ਜਿਸ ’ਚ ਟੀਮ ਲੁਧਿਆਣਾ ਨੇ ਮੰਡੀ ਦੀ ਫਰਮ ਤੋਂ ਮੌਕੇ ’ਤੇ 10 ਲੱਖ ਰੁਪਏ ਤੋਂ ਵੱਧ ਦੀ ਟੈਕਸ ਰਿਕਵਰੀ ਕੀਤੀ ਅਤੇ ਉਕਤ ਨੇ ਕਬੂਲ ਕੀਤਾ ਕਿ ਉਕਤ ਨੇ ਬੋਗਸ ਬਿਲਿੰਗ ਕੀਤੀ ਹੈ। ਨਾਲ ਹੀ ਅੰਮ੍ਰਿਤਸਰ ਪੁੱਜੀ ਟੀਮ ਤੋਂ ਪਤਾ ਲਾਇਆ ਕਿ ਦਿੱਲੀ ਬੇਸਡ ਇਕ ਵਰਕ ਕੰਟਰੈਕਟ ਕੰਪਨੀ, ਜੋ ਸਰਕਾਰੀ ਕੰਟਰੈਕਟ ’ਚ ਡੀਲ ਕਰਦੀ ਹੈ ਅਤੇ ਸੀਵਰੇਜ ਪਲਾਂਟ ਬਣਾਉਂਦੀ ਹੈ, ਜਿਸ ਦਾ ਮੇਨ ਪਲਾਂਟ ਰਾਏਕੋਟ ’ਚ ਸਥਿਤ ਹੈ, ਜਦੋਂਕਿ ਅੰਮ੍ਰਿਤਸਰ ’ਚ ਸਥਿਤ ਪਲਾਂਟ ਜੁਲਾਈ ਮਹੀਨੇ ਤੋਂ ਬੰਦ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਰਾਏਕੋਟ ਪਲਾਂਟ ’ਤੇ ਇੰਸਪੈਕਸ਼ਨ ਕੀਤੀ ਅਤੇ ਮੌਕੇ ਤੋਂ ਮਿਲੇ ਐਗਰੀਮੈਂਟ, ਡਾਟਾ ਨੂੰ ਜਾਂਚ ਲਈ ਜ਼ਬਤ ਕਰ ਲਿਆ। ਸੂਤਰ ਦੱਸਦੇ ਹਨ ਕਿ ਬੋਗਸ ਬਿਲਿੰਗ ਆਪਣੀ ਸਿਖਰ ’ਤੇ ਹੈ। ਹੁਣ ਪ੍ਰਾਈਵੇਟ ਲਿਮਟਿਡ ਕੰਪਨੀ ਵੀ ਬੋਗਸ ਬਿਲਿੰਗ ਦਾ ਸਹਾਰਾ ਲੈ ਕੇ ਸਰਕਾਰ ਦੇ ਟੈਕਸ ਦਾ ਗਬਨ ਕਰ ਰਹੀ ਹੈ।

Add a Comment

Your email address will not be published. Required fields are marked *