ਡਾਕਟਰ ਦੀ ਆਨਲਾਈਨ ਅਪੁਆਇੰਟਮੈਂਟ ਲਈ ਕਟਵਾਈ 5 ਰੁਪਏ ਦੀ ਪਰਚੀ, ਖਾਤੇ ’ਚੋਂ ਉੱਡੇ ਸਵਾ ਲੱਖ ਰੁਪਏ

ਤਰਨਤਾਰਨ : ਭੋਲੇ-ਭਾਲੇ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਣ ਵਿਚ ਸ਼ਰਾਰਤੀ ਅਨਸਰ ਆਏ ਦਿਨ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਰਹੇ ਹਨ, ਜਿਸ ਨੂੰ ਰੋਕਣ ’ਚ ਬੈਂਕਾਂ ਨਾਕਾਮ ਸਾਬਤ ਹੋ ਰਹੀਆਂ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਠੱਗਾਂ ਵੱਲੋਂ ਇਕ ਵਪਾਰੀ ਨੂੰ ਆਨਲਾਈਨ ਡਾਕਟਰ ਦੀ ਅਪੁਆਇੰਟਮੈਂਟ ਲੈਣ ਦੌਰਾਨ 1,27,600 ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ ਗਿਆ। ਇਸ ਮਾਮਲੇ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕਰਦੇ ਹੋਏ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਰਿੰਕੂ ਟੈਲੀਵਿਜ਼ਨ ਸ਼ੋਅਰੂਮ ਦੇ ਮਾਲਕ ਮਨਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਨਿਵਾਸੀ ਫਤਿਆਬਾਦ ਨੇ ਦੱਸਿਆ ਕਿ ਉਸ ਵੱਲੋਂ ਮਿਤੀ 7 ਮਾਰਚ ਨੂੰ ਜਲੰਧਰ ਦੇ ਇਕ ਹਸਪਤਾਲ ਨਾਲ ਮੈਡੀਕਲ ਜਾਂਚ ਕਰਵਾਉਣ ਸਬੰਧੀ ਗੂਗਲ ’ਤੇ ਦਰਸਾਈ ਗਈ ਸਾਈਟ ਨਾਲ ਸੰਪਰਕ ਕੀਤਾ ਗਿਆ। ਜਦੋਂ ਉਸ ਵੱਲੋਂ ਹਸਪਤਾਲ ਦੇ ਦਰਸਾਏ ਗਏ ਸੰਪਰਕ ਨੰਬਰ ਉੱਪਰ ਫੋਨ ਕੀਤਾ ਗਿਆ ਤਾਂ ਫੋਨ ਸੁਣਨ ਵਾਲੇ ਨੇ ਉਸ ਨੂੰ ਡਾਕਟਰ ਨਾਲ ਸੰਪਰਕ ਕਰਨ ਤੋਂ ਪਹਿਲਾਂ ਆਨਲਾਈਨ 5 ਰੁਪਏ ਦੀ ਫੀਸ ਪਰਚੀ ਕਟਵਾਉਣ ਲਈ ਕਿਹਾ। ਮਨਦੀਪ ਸਿੰਘ ਨੇ ਦੱਸਿਆ ਕਿ ਸਬੰਧਤ ਕਰਮਚਾਰੀ ਵੱਲੋਂ ਉਸ ਦੇ ਮੋਬਾਇਲ ਨੰਬਰ ਉੱਪਰ ਭੇਜੇ ਗਏ ਲਿੰਕ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵੱਲੋਂ ਦੋ-ਤਿੰਨ ਵਾਰ 5 ਰੁਪਏ ਦੀ ਪਰਚੀ ਕਟਵਾਉਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਪਰ ਟਰਾਂਸਫਰ ਸਫ਼ਲ ਨਹੀਂ ਹੋ ਸਕੀ।

ਮਨਦੀਪ ਸਿੰਘ ਨੇ ਦੱਸਿਆ ਕਿ ਅਗਲੇ ਦਿਨ ਉਸ ਦੇ ਐੱਚ. ਡੀ. ਐੱਫ. ਸੀ. ਬੈਂਕ ਖਾਤੇ ’ਚੋਂ 1,27,600 ਰੁਪਏ ਦੀ ਰਕਮ ਮੱਧ ਪ੍ਰਦੇਸ਼ ਵਿਖੇ ਆਈ. ਸੀ. ਆਈ. ਸੀ. ਬੈਂਕ ਦੇ ਇਕ ਖਾਤੇ ’ਚ ਟਰਾਂਸਫਰ ਹੋ ਗਈ। ਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਬੈਂਕਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਪੱਲਾ ਝਾੜਦੇ ਹੋਏ ਮਦਦ ਤੋਂ ਇਨਕਾਰ ਕਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਫਤਿਆਬਾਦ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਈਬਰ ਸੈੱਲ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਨਵੀਨ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਪਾਗਵਾੜਾ ਮੱਧ ਪ੍ਰਦੇਸ਼ ਵੱਲੋਂ ਉਕਤ ਰਾਸ਼ੀ ਆਪਣੇ ਬੈਂਕ ਖਾਤੇ ’ਚ ਟਰਾਂਸਫ਼ਰ ਕੀਤੀ ਪਾਈ ਗਈ ਹੈ, ਜਿਸ ਤਹਿਤ ਮੁਲਜ਼ਮ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *