ਖੇਤਾਂ ‘ਚ ਸੈਰ ਕਰਨ ਗਿਆ ਨੌਜਵਾਨ ਖੂਹ ‘ਚ ਡਿੱਗਾ
ਕਾਠਗੜ੍ਹ : ਪਿੰਡ ਰੱਕੜਾ ਬੇਟ ਦਾ ਲਾਈਨਮੈਨ ਹਰਪ੍ਰੀਤ ਸਿੰਘ ਪੈਰ ਤਿਲਕ ਜਾਣ ਕਾਰਨ ਖੂਹ ਵਿੱਚ ਡਿੱਗ ਗਿਆ, ਜਿਸ ਨੂੰ ਖੂਹ ‘ਚ ਡਿੱਗਦਾ ਦੇਖ ਉਸ ਦੇ ਪਿਤਾ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਕਾਠਗੜ੍ਹ ਪਾਵਰ ਸਟੇਸ਼ਨ ‘ਤੇ ਬਤੌਰ ਲਾਈਨਮੈਨ ਕੰਮ ਕਰਦਾ ਸੀ। ਬੁੱਧਵਾਰ ਸਵੇਰੇ ਕਰੀਬ ਸਾਢੇ 8 ਵਜੇ ਉਹ ਆਪਣੇ ਖੇਤਾਂ ਨੂੰ ਗਿਆ। ਤੇਜ਼ ਮੀਂਹ ਕਾਰਨ ਉਹ ਤਿਲਕ ਕੇ ਖੂਹ ਵਿੱਚ ਡਿੱਗ ਗਿਆ। ਕਰੀਬ 15 ਮਿੰਟਾਂ ਬਾਅਦ ਪਿਤਾ ਬਲਵੰਤ ਸਿੰਘ ਖੇਤਾਂ ‘ਚ ਗਿਆ, ਜਿੱਥੇ ਆਪਣੇ ਪੁੱਤਰ ਨੂੰ ਨਾ ਦੇਖ ਕੇ ਉਸ ਨੇ ਇਧਰ-ਉਧਰ ਭਾਲ ਕਰਨ ਲੱਗਾ ਤਾਂ ਉਸ ਦਾ ਮੋਬਾਇਲ ਮੋਟਰ ਨੇੜਿਓਂ ਮਿਲਿਆ।
ਜਦੋਂ ਉਸ ਨੇ ਖੂਹ ਵਿੱਚ ਦੇਖਿਆ ਤਾਂ ਉਸ ਦਾ ਪੁੱਤਰ ਮੂਧੇ ਮੂੰਹ ਪਿਆ ਹੋਇਆ ਸੀ। ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਈਨਮੈਨ ਹਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਭੈਣ ਅਤੇ ਮਾਤਾ-ਪਿਤਾ ਛੱਡ ਗਿਆ ਹੈ।

