ਅੱਤਵਾਦੀ ਅਰਸ਼ ਡੱਲਾ ਨਾਲ ਜੁੜੇ 232 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗੱਠਜੋੜ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਸ਼ਨੀਵਾਰ ਸਵੇਰੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਪੰਜਾਬ ਦੇ ਸਾਰੇ ਜ਼ਿਲਿਆਂ ’ਚ ਚੱਲ ਰਹੇ ਕੇਸਾਂ ’ਚ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦੇ ਅਰਸ਼ ਡੱਲਾ ਨਾਲ ਸਬੰਧਿਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪ੍ਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ’ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਨੇਸਤੋਨਾਬੂਤ ਕਰਨਾ ਸੀ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਗੌਰਵ ਯਾਦਵ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਹਾਲ ਹੀ ’ਚ ਅਰਸ਼ ਡੱਲਾ ਦੀ ਹਮਾਇਤ ਵਾਲੇ ਮਾਡਿਊਲਾਂ ’ਚ ਸ਼ਾਮਲ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ’ਚ ਪੁਲਸ ਦਾ ਖੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਕੀਤੀ ਜਾ ਸਕੇ। ਇਹ ਆਪ੍ਰੇਸ਼ਨ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ’ਚ ਇਕੋ ਸਮੇਂ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੌਰਾਨ 192 ਪੁਲਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ ਲੱਗਭਗ 232 ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਕੀਤੀ। ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਅਪਰਾਧਿਕ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਤਲਾਸ਼ੀ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਯੰਤਰਾਂ ’ਚੋਂ ਡਾਟਾ ਇਕੱਠਾ ਕੀਤਾ ਗਿਆ, ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਗਈ, ਅਸਲਿਆਂ ਦੀ ਸੋਰਸਿੰਗ ਦਾ ਪਤਾ ਲਗਾਇਆ ਗਿਆ, ਵਿਦੇਸ਼ੀ ਮੂਲ ਦੇ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ ਇਕੱਠੇ ਕੀਤੇ ਗਏ, ਵਿਦੇਸ਼ਾਂ ਅਤੇ ਵੈਸਟਰਨ ਯੂਨੀਅਨ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ, ਜੋ ਹੋਰ ਵੀ ਡੰਘਾਈ ਨਾਲ ਪੜਤਾਲੇ ਜਾ ਰਹੇ ਹਨ। ਪੁਲਸ ਅਨੁਸਾਰ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਇਕ ਗੈਂਗਸਟਰ ਤੋਂ ਬਣਿਆ ਅੱਤਵਾਦੀ ਹੈ, ਜੋ ਪੰਜਾਬ ਅਤੇ ਵਿਦੇਸ਼ਾਂ ’ਚ ਵੱਖ-ਵੱਖ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਅਤੇ ਪੰਜਾਬ ਪੁਲਸ ਲਈ ਮੋਸਟ ਵਾਂਟੇਡ ਅਪਰਾਧੀ ਹੈ। ਉਹ ਇਕ ਸ੍ਰੇਣੀ-ਏ ਗੈਂਗਸਟਰ ਤੋਂ ਬਣਿਆ ਅੱਤਵਾਦੀ ਹੈ ਅਤੇ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕੇ. ਟੀ. ਐੱਫ਼. ਦਾ ਕਾਰਕੁੰਨ ਹੈ। ਸਾਲ 2020 ’ਚ ਉਹ ਆਪਣੇ ਇਕ ਸਾਥੀ ਸੁੱਖਾ ਲੰਮੇ ਦਾ ਕਤਲ ਕਰਨ ਤੋਂ ਬਾਅਦ ਕੈਨੇਡਾ ਫਰਾਰ ਹੋ ਗਿਆ ਸੀ।

ਕੈਨੇਡਾ ’ਚ ਬੈਠ ਕੇ ਹੀ ਉਹ ਪੰਜਾਬ ’ਚ ਫਿਰੌਤੀ, ਕਤਲਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ’ਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ। ਉਹ ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਸਥਿਤ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਸ ਵਿਰੁੱਧ ਕਤਲ, ਲੁੱਟ-ਖੋਹ, ਡਕੈਤੀ, ਫਿਰੌਤੀ, ਫਿਰੌਤੀ ਅਤੇ ਦਹਿਸ਼ਤ ਫੈਲਾਉਣ ਸਬੰਧੀ 35 ਐੱਫ.ਆਈ.ਆਰਜ਼ ਦਰਜ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਅਰਸ਼ ਡੱਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਰਸ਼ ਡੱਲਾ ਖ਼ਿਲਾਫ਼ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *