14 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਇਹ ਮਸ਼ਹੂਰ ਅਦਾਕਾਰਾ

ਮੁੰਬਈ – ਬਾਲੀਵੁੱਡ ਇੰਡਸਟਰੀ ਦੀ ‘ਖੱਲਾਸ ਗਰਲ’ ਈਸ਼ਾ ਕੋਪੀਕਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਈਸ਼ਾ ਕੋਪੀਕਰ ਆਪਣੇ ਪਤੀ ਟਿੰਮੀ ਨਾਰੰਗ ਤੋਂ ਵੱਖ ਹੋ ਚੁੱਕੀ ਹੈ। ਵਿਆਹ ਦੇ 14 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ ਹਨ। ਦੋਵਾਂ ਦੀ ਇਕ 9 ਸਾਲ ਦੀ ਧੀ ਹੈ, ਜਿਸ ਦਾ ਨਾਂ ਰਿਆਨਾ ਹੈ। ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਈਸ਼ਾ ਨੇ ਲਈ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਅਦਾਕਾਰਾ ਦੇ ਪੱਖ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਕ ਮੀਡੀਆ ਪੋਰਟਲ ਨਾਲ ਗੱਲਬਾਤ ਦੌਰਾਨ ਈਸ਼ਾ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਇਸ ਬਾਰੇ ਫਿਲਹਾਲ ਕੁਝ ਵੀ ਦੱਸਣ ਦੀ ਹਾਲਤ ’ਚ ਨਹੀਂ ਹੈ। ਉਸ ਨੂੰ ਨਿੱਜਤਾ ਦਿੱਤੀ ਜਾਣੀ ਚਾਹੀਦੀ ਹੈ।

ਈਸ਼ਾ ਆਪਣੀਆਂ ਕਈ ਮਸ਼ਹੂਰ ਭੂਮਿਕਾਵਾਂ ਕਰਕੇ ਲਾਈਮਲਾਈਟ ’ਚ ਆਈ ਸੀ। ਉਸ ਨੇ ‘ਕ੍ਰਿਸ਼ਨਾ ਕਾਟੇਜ’, ‘ਡੌਨ’, ‘ਕਿਆ ਕੂਲ ਹੈਂ ਹਮ’, ‘ਫਿਜ਼ਾ’, ‘LOC ਕਾਰਗਿਲ’ ਤੇ ‘36 ਚਾਈਨਾ ਟਾਊਨ’ ਵਰਗੀਆਂ ਕਈ ਮਸ਼ਹੂਰ ਫ਼ਿਲਮਾਂ ’ਚ ਕੰਮ ਕੀਤਾ ਹੈ। ਹਿੰਦੀ ਫ਼ਿਲਮ ਇੰਡਸਟਰੀ ਤੋਂ ਇਲਾਵਾ ਈਸਾ ਤੇਲਗੂ ਤੇ ਮਰਾਠੀ ਫ਼ਿਲਮਾਂ ’ਚ ਵੀ ਸਰਗਰਮ ਰਹੀ ਹੈ। ਸਾਲ 2019 ’ਚ ਈਸ਼ਾ ਨੇ ਰਾਜਨੀਤੀ ’ਚ ਐਂਟਰੀ ਕੀਤੀ ਸੀ। ਉਹ ਭਾਜਪਾ (ਭਾਰਤੀ ਜਨਤਾ ਪਾਰਟੀ) ’ਚ ਸ਼ਾਮਲ ਹੋ ਗਈ ਸੀ। ਈਸ਼ਾ ਮਹਿਲਾ ਟਰਾਂਸਪੋਰਟ ਵਿੰਗ ਦੀ ਤਰਫੋਂ ਭਾਜਪਾ ਪ੍ਰਧਾਨ ਵਜੋਂ ਕੰਮ ਕਰ ਰਹੀ ਹੈ।

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਈਸ਼ਾ ਨੇ ਹੋਟਲੀਅਰ ਟਿੰਮੀ ਨਾਰੰਗ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ 29 ਨਵੰਬਰ, 2009 ਨੂੰ ਹੋਇਆ ਸੀ। ਕੁਝ ਸਾਲਾਂ ਬਾਅਦ ਉਹ ਦੋਵੇਂ ਇਕ ਧੀ ਦੇ ਮਾਤਾ-ਪਿਤਾ ਬਣ ਗਏ, ਜਿਸ ਦਾ ਨਾਮ ਉਨ੍ਹਾਂ ਨੇ ਰਿਆਨਾ ਰੱਖਿਆ। ਦੋਵਾਂ ਦਾ ਪਿਛਲੇ ਮਹੀਨੇ ਨਵੰਬਰ ’ਚ ਤਲਾਕ ਹੋ ਗਿਆ ਹੈ। ਧੀ ਈਸ਼ਾ ਨਾਲ ਹੈ। ਖ਼ਬਰਾਂ ’ਚ ਕਿਹਾ ਜਾ ਰਿਹਾ ਹੈ ਕਿ ਟਿੰਮੀ ਤੇ ਈਸ਼ਾ ਵਿਚਾਲੇ ਅਨੁਕੂਲਤਾ ਦੇ ਮੁੱਦੇ ਸਨ, ਜਿਸ ਕਾਰਨ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਦੋਵਾਂ ਨੇ ਆਪਣੇ ਵਿਆਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਈਸ਼ਾ ਟਿੰਮੀ ਦਾ ਘਰ ਛੱਡ ਕੇ ਕਿਸੇ ਹੋਰ ਘਰ ’ਚ ਆਪਣੀ ਧੀ ਨਾਲ ਰਹਿ ਰਹੀ ਹੈ।

ਇਸ ਦੇ ਨਾਲ ਹੀ ਜਦੋਂ ਇਕ ਮੀਡੀਆ ਪੋਰਟਲ ਨੇ ਈਸ਼ਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਸੰਦੇਸ਼ ਛੋਟਾ ਰੱਖਿਆ ਤੇ ਕਿਹਾ, ‘‘ਮੇਰੇ ਕੋਲ ਇਸ ਸਮੇਂ ਕਹਿਣ ਲਈ ਕੁਝ ਨਹੀਂ ਹੈ। ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮੈਂ ਇਸ ਸਮੇਂ ਆਪਣੀ ਨਿੱਜਤਾ ਚਾਹੁੰਦੀ ਹਾਂ। ਬਿਹਤਰ ਹੋਵੇਗਾ ਜੇਕਰ ਤੁਸੀਂ ਮੇਰੀ ਸੰਵੇਦਨਸ਼ੀਲਤਾ ਦਾ ਧਿਆਨ ਰੱਖੋ।’’ ਈਸ਼ਾ ਆਪਣੇ ਕੰਮ ਦੇ ਪ੍ਰਤੀਬੱਧਤਾ ਤੇ ਆਪਣੀ ਧੀ ਦੀ ਦੇਖਭਾਲ ’ਚ ਬਹੁਤ ਰੁੱਝੀ ਹੈ। ਈਸ਼ਾ ਨੇ ਅਜੇ ਤੱਕ ਇੰਸਟਾਗ੍ਰਾਮ ’ਤੇ ਤਲਾਕ ਨੂੰ ਲੈ ਕੇ ਕੋਈ ਪੁਸ਼ਟੀ ਜਾਂ ਬਿਆਨ ਪੋਸਟ ਨਹੀਂ ਕੀਤਾ ਹੈ।

Add a Comment

Your email address will not be published. Required fields are marked *