ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਬੂਹੇ-ਬਾਰੀਆਂ’ ’ਤੇ ਐੱਫ. ਆਈ. ਆਰ. ਦਰਜ

ਜਲੰਧਰ – ਅਦਾਕਾਰਾ ਨੀਰੂ ਬਾਜਵਾ ਦੀ ਐਕਟਿੰਗ ਵਾਲੀ ਨਵੀਂ ਪੰਜਾਬੀ ਫ਼ਿਲਮ ‘ਬੂਹੇ-ਬਾਰੀਆਂ’ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਰਵਿਦਾਸੀਆ ਸਮਾਜ ਵੱਲੋਂ ਜਲੰਧਰ ਦੇ ਸਿਨੇਮਾਘਰਾਂ ਵਿਚ ਅੱਜ ਇਸ ਫ਼ਿਲਮ ਦਾ ਪ੍ਰਸਾਰਨ ਰੁਕਵਾ ਦਿੱਤਾ ਗਿਆ। ਦੂਜੇ ਪਾਸੇ ਰਵਿਦਾਸੀਆ ਸਮਾਜ ਦੇ ਵਿਰੋਧ ’ਤੇ ਐੱਸ. ਸੀ./ਐੱਸ. ਟੀ. ਐਕਟ 1989 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਦੀ ਸ਼ਿਕਾਇਤ ’ਤੇ ਜਲੰਧਰ ਦਿਹਾਤੀ ਦੇ ਆਦਮਪੁਰ ਥਾਣੇ ਵਿਚ ਐੱਫ.ਆਈ. ਆਰ. ਨੰਬਰ 129 ਰਜਿਸਟਰਡ ਕਰਦੇ ਹੋਏ ਐੱਸ. ਸੀ./ਐੱਸ. ਟੀ. ਐਕਟ ਦੀ ਧਾਰਾ 3 ਜੋੜੀ ਗਈ ਹੈ। ਪ੍ਰਧਾਨ ਦੇ ਬਿਆਨਾਂ ਦੇ ਆਧਾਰ ’ਤੇ ਐੱਫ. ਆਈ. ਆਰ. ਵਿਚ ਪੂਰੀ ਸ਼ਿਕਾਇਤ ਦਾ ਵੇਰਵਾ ਦਿੱਤਾ ਗਿਆ ਹੈ।

‘ਬੂਹੇ-ਬਾਰੀਆਂ’ ਅਤੇ ਉਸ ਦੇ ਡਾਇਰੈਕਟਰ ਉਦੈਪ੍ਰਤਾਪ ਸਿੰਘ, ਲੇਖਕ ਜਗਦੀਪ ਵੜਿੰਗ ਅਤੇ ਐਕਟ੍ਰੈੱਸ ਨੀਰੂ ਬਾਜਵਾ ਖ਼ਿਲਾਫ਼ ਇਹ ਸ਼ਿਕਾਇਤ ਦਿੱਤੀ ਗਈ ਹੈ। ਸਿਨੇਮਾਘਰਾਂ ਵਿਚ 15 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ’ਤੇ ਐੱਸ. ਸੀ. ਸਮਾਜ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਹੈ।

ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਫਿਲਮ ਨਾ ਹਟਵਾਈ ਗਈ ਤਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਵੇਗਾ। ਅੱਜ ਫ਼ਿਲਮ ਦਾ ਪ੍ਰਸਾਰਨ ਰੁਕਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਿਨੇਮਾਘਰਾਂ ਵਿਚ ਪੁੱਜੇ, ਜਿਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ, ਮਿਸਲ ਸ਼ਹੀਦਾਂ (ਤਰਨਾ ਦਲ) ਦੇ ਮੁਖੀ ਬਾਬਾ ਲਖਬੀਰ ਸਿੰਘ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਬੁੱਗਾ ਆਦਿ ਸ਼ਾਮਲ ਸਨ।

Add a Comment

Your email address will not be published. Required fields are marked *