‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ

ਮੁੰਬਈ – ਸਾਲ 1989 ’ਚ ਰਿਲੀਜ਼ ਹੋਈ ਫ਼ਿਲਮ ‘ਮੈਨੇ ਪਿਆਰ ਕੀਆ’ ਨੂੰ ਅੱਜ ਵੀ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ’ਚ ਭਾਗਿਆਸ਼੍ਰੀ ਨੂੰ ਸਲਮਾਨ ਖ਼ਾਨ ਨਾਲ ਦੇਖਿਆ ਗਿਆ ਸੀ ਤੇ ਇਸ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਕ ਪਾਸੇ ਫ਼ਿਲਮ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਤਾਂ ਦੂਜੇ ਪਾਸੇ ਇਸ ਨੇ ਬਾਕਸ ਆਫਿਸ ’ਤੇ ਵੀ ਚੰਗੀ ਕਮਾਈ ਕੀਤੀ। ਹਾਲਾਂਕਿ ਇਸ ਫ਼ਿਲਮ ਤੋਂ ਬਾਅਦ ਹੀ ਭਾਗਿਆਸ਼੍ਰੀ ਨੇ ਹਿਮਾਲਿਆ ਦਸਾਨੀ ਨਾਲ ਵਿਆਹ ਕਰ ਲਿਆ। ਇਸ ਦੌਰਾਨ ਭਾਗਿਆਸ਼੍ਰੀ ਨੇ ਸਲਮਾਨ ਨਾਲ ਜੁੜੀ ਇਕ ਘਟਨਾ ਵੀ ਦੱਸੀ।

ਹਾਲ ਹੀ ’ਚ ਰਸ਼ਮੀ ਉਚਿਲ ਨਾਲ ਗੱਲਬਾਤ ਦੌਰਾਨ ਭਾਗਿਆਸ਼੍ਰੀ ਨੇ ਫ਼ਿਲਮ ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਨੂੰ ਯਾਦ ਕੀਤਾ ਤੇ ਇਕ ਦਿਲਚਸਪ ਗੱਲ ਦੱਸੀ। ਭਾਗਿਆਸ਼੍ਰੀ ਨੇ ਦੱਸਿਆ ਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਗਰਭਵਤੀ ਹੈ ਤੇ ਫਿਰ ਸਲਮਾਨ ਨੇ ਉਸ ਨੂੰ ਕਿਹਾ ਸੀ ਕਿ ਉਹ ਵਿਆਹ ਤੋਂ ਬਾਅਦ ਮੋਟੀ ਹੋ ਗਈ ਹੈ। ਭਾਗਿਆਸ਼੍ਰੀ ਨੇ ਕਿਹਾ, ‘‘ਜਦੋਂ ਫੋਟੋਗ੍ਰਾਫਰ ਗੌਤਮ ਨੇ ਫ਼ਿਲਮ ‘ਮੈਨੇ ਪਿਆਰ ਕੀਆ’ ਲਈ ਮੇਰਾ ਤੇ ਸਲਮਾਨ ਖ਼ਾਨ ਦਾ ਫੋਟੋਸ਼ੂਟ ਕਰਵਾਇਆ ਸੀ, ਉਦੋਂ ਮੈਂ ਪੰਜ ਮਹੀਨਿਆਂ ਦੀ ਗਰਭਵਤੀ ਸੀ। ਇਹ ਕਿਸੇ ਨੂੰ ਪਤਾ ਨਹੀਂ ਸੀ। ਮੈਨੂੰ ਯਾਦ ਹੈ ਕਿ ਉਦੋਂ ਸਲਮਾਨ ਨੇ ਮੈਨੂੰ ਕਿਹਾ ਸੀ ਕਿ ਤੂੰ ਵਿਆਹ ਤੋਂ ਬਾਅਦ ਮੋਟੀ ਹੋ ਗਈ ਹੈ।’’

ਗੱਲਬਾਤ ’ਚ ਭਾਗਿਆਸ਼੍ਰੀ ਨੇ ਸਿਨੇਮੇ ਦੀ ਦੁਨੀਆ ਨੂੰ ਛੱਡਣ ’ਤੇ ਅੱਗੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ਵੱਡੇ ਹੋ ਰਹੇ ਹਨ ਤਾਂ ਜੋ ਬੰਧਨ, ਬੁਨਿਆਦ, ਕਨੈਕਸ਼ਨ, ਮਾਨਸਿਕ ਤੇ ਭਾਵਨਾਤਮਕ ਸੁਰੱਖਿਆ ਜੋ ਬੱਚੇ ਨੂੰ ਮਾਤਾ-ਪਿਤਾ ਤੋਂ ਮਿਲਦੀ ਹੈ, ਉਹ ਕਿਸੇ ਹੋਰ ਤੋਂ ਨਹੀਂ ਮਿਲਦੀ, ਖ਼ਾਸ ਕਰਕੇ ਇਕ ਮਾਂ ਤੋਂ। ਇਹ ਮੇਰੇ ਲਈ ਸਭ ਤੋਂ ਮਹੱਤਵਪੂਰਨ ਸੀ।’’ ਭਾਗਿਆਸ਼੍ਰੀ ਦਾ ਕਹਿਣਾ ਹੈ ਕਿ ਧੀ ਅਵੰਤਿਕਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਕੁਝ ਤੇਲਗੂ ਤੇ ਕੰਨੜਾ ਫ਼ਿਲਮਾਂ ਕੀਤੀਆਂ, ਜਿਸ ਕਾਰਨ ਦੱਖਣ ਦਾ ਵਰਕ ਕਲਚਰ ਬਿਹਤਰ ਹੈ।’’

ਭਾਗਿਆਸ਼੍ਰੀ ਕਹਿੰਦੀ ਹੈ, ‘‘ਧੀ ਅਵੰਤਿਕਾ ਦੇ ਜਨਮ ਤੋਂ ਬਾਅਦ ਮੈਂ ਕੁਝ ਕੰਨੜਾ ਤੇ ਤੇਲਗੂ ਫ਼ਿਲਮਾਂ ਕੀਤੀਆਂ ਤੇ ਮੈਂ ਉਸ ਨੂੰ ਸ਼ੂਟਿੰਗ ’ਤੇ ਨਾਲ ਲਿਜਾਂਦੀ ਸੀ। ਦੱਖਣੀ ਉਦਯੋਗ ਬਹੁਤ ਅਨੁਸ਼ਾਸਿਤ ਹੈ। ਉਹ ਕਾਰਜਕ੍ਰਮ ਅਨੁਸਾਰ ਕੰਮ ਕਰਦੇ ਹਨ। ਉਹ 9 ਵਜੇ ਸ਼ੂਟ ਸ਼ੁਰੂ ਕਰਦੇ ਹਨ ਤੇ 1 ਵਜੇ ਲੰਚ ਕਰਦੇ ਹਨ। ਇਹ ਮੇਰੇ ਲਈ ਬਰਕਤ ਸੀ। ਉਥੇ ਸਭ ਕੁਝ ਬਹੁਤ ਸੰਗਠਿਤ ਹੈ।’’ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਭਾਗਿਆਸ਼੍ਰੀ ਨੂੰ ਪਤੀ ਹਿਮਾਲਿਆ ਦੇ ਨਾਲ ‘ਨੱਚ ਬਲੀਏ’ ’ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਆਪਣੇ ਪਤੀ ਨਾਲ ਖ਼ਾਸ ਭੂਮਿਕਾ ’ਚ ਨਜ਼ਰ ਆਈ ਸੀ।

Add a Comment

Your email address will not be published. Required fields are marked *