World Cup ਟਰਾਫੀ ‘ਤੇ ਪੈਰ ਰੱਖਣ ਵਾਲੇ ਮਿਚੇਲ ਮਾਰਸ਼ ਨੇ ਤੋੜੀ ਚੁੱਪੀ

ਮੈਲਬੋਰਨ : ਵਿਸ਼ਵ ਕੱਪ ਟਰਾਫੀ ‘ਤੇ ਪੈਰ ਰੱਖ ਕੇ ਫੋਟੋ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਆਸਟ੍ਰੇਲੀਆਈ ਆਲਰਾਊਂਡਰ ਮਿਚੇਲ ਮਾਰਸ਼ ਦਾ ਇਸ ਬਾਰੇ ਪਹਿਲਾ ਬਿਆਨ ਸਾਹਮਣੇ ਆਇਆ ਹੈ। ਵਿਸ਼ਵ ਕੱਪ 2023 ਦਾ ਫ਼ਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ। ਇਸ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਸ ਮਗਰੋਂ ਜਿੱਥੇ ਸਾਰੇ ਆਸਟ੍ਰੇਲੀਆਈ ਖ਼ਿਡਾਰੀ ਜਸ਼ਨ ਮਨਾ ਰਹੇ ਸਨ, ਉੱਥੇ ਹੀ ਮਿਚੇਲ ਮਾਰਸ਼ ਵੱਲੋਂ ਇਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ ਨੇ ਇਕ ਨਵਾਂ ਹੀ ਵਿਵਾਦ ਖੜ੍ਹਾ ਕਰ ਦਿੱਤਾ। ਉਹ ਵਿਸ਼ਵ ਕੱਪ ਦੀ ਜੇਤੂ ਟਰਾਫ਼ੀ ਉੱਪਰ ਪੈਰ ਰੱਖ ਕੇ ਬੈਠਾ ਨਜ਼ਰ ਆ ਰਿਹਾ ਸੀ।

ਇਸ ਮਗਰੋਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦਾ ਗੁੱਸਾ ਫੁੱਟ ਪਿਆ ਤੇ ਮਾਰਸ਼ ਦੀ ਇਸ ਹਰਕਤ ਦਾ ਵਿਰੋਧ ਕੀਤਾ ਜਾਣ ਲੱਗ ਪਿਆ। ਹੁਣ ਇਸ ਬਾਰੇ ਮਾਰਸ਼ ਨੇ ਕਿਹਾ ਕਿ ਇਹ ਅਪਮਾਨਜਨਕ ਨਹੀਂ ਸੀ ਅਤੇ ਉਹ ਇਸ ਨੂੰ ਦੁਬਾਰਾ ਕਰ ਸਕਦਾ ਹੈ। ਮਾਰਸ਼ ਨੇ ਸੇਨ ਰੇਡੀਓ ਨੂੰ ਦੱਸਿਆ, “ਇਸ ਫੋਟੋ ਵਿਚ ਕੁਝ ਵੀ ਅਪਮਾਨਜਨਕ ਨਹੀਂ ਸੀ। ਮੈਂ ਇੰਨਾ ਨਹੀਂ ਸੋਚਿਆ। ਮੈਂ ਸੋਸ਼ਲ ਮੀਡੀਆ ‘ਤੇ ਵੀ ਨਹੀਂ ਦੇਖਿਆ ਜਦਕਿ ਹਰ ਕੋਈ ਮੈਨੂੰ ਕਹਿ ਰਿਹਾ ਹੈ ਕਿ ਇਸ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।” ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਅਜਿਹਾ ਦੁਬਾਰਾ ਕਰਨਗੇ ਤਾਂ ਮਾਰਸ਼ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ, ਤਾਂ ਸ਼ਾਇਦ ਹਾਂ।” 

ਭਾਰਤੀ ਪ੍ਰਸ਼ੰਸਕ ਮਾਰਸ਼ ਦੀ ਇਸ ਹਰਕਤ ਤੋਂ ਖ਼ਫ਼ਾ ਸਨ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ, ”ਇਸ ਟਰਾਫੀ ਲਈ ਦੁਨੀਆ ਦੀਆਂ ਸਾਰੀਆਂ ਟੀਮਾਂ ਵਿਚਾਲੇ ਮੁਕਾਬਲਾ ਸੀ। ਤੁਸੀਂ ਇਸ ਟਰਾਫੀ ਨੂੰ ਆਪਣੇ ਸਿਰ ‘ਤੇ ਰੱਖਣਾ ਚਾਹੁੰਦੇ ਸੀ। ਉਸੇ ਟਰਾਫੀ ‘ਤੇ ਪੈਰ ਰੱਖੇ ਦੇਖ ਕੇ ਮੈਨੂੰ ਖ਼ੁਸ਼ੀ ਨਹੀਂ ਹੋਈ।”

Add a Comment

Your email address will not be published. Required fields are marked *