RCB ਨੂੰ ਮਿਲੀ ਇਕ ਹੋਰ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਦਿੱਤੀ ਸ਼ਿਕਸਤ

ਵੂਮੈਨਜ਼ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਅੱਜ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ ਲੀਗ ਦੇ ਅੱਠਵੇਂ ਮੁਕਾਬਲੇ ਵਿਚ ਯੂ.ਪੀ. ਵਾਰੀਅਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਆਪਣੇ ਨਾਂ ਕੀਤੀ।

ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨ ਸਮਰੀਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲੀ ਵਿਕਟ ਛੇਤੀ ਡਿੱਗਣ ਤੋਂ ਬਾਅਦ ਸੋਫੀ ਡਿਵਾਈਨ (36) ਤੇ ਐਲਿਸੇ ਪੈਰੀ (52) ਨੇ ਪਾਰੀ ਨੂੰ ਸੰਭਾਲਿਆ ਤੇ ਇਕ ਚੰਗੀ ਸਾਂਝੇਦਾਰੀ ਨਾਲ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਕੁੱਝ ਖ਼ਾਸ ਨਹੀਂ ਕਰ ਸਕਿਆ ਤੇ ਟੀਮ 19.3 ਓਵਰਾਂ ਵਿਚ 138 ਦੌੜਾਂ ‘ਤੇ ਹੀ ਸਿਮਟ ਕੇ ਰਹਿ ਗਈ। ਯੂ.ਪੀ. ਵਾਰੀਅਰਜ਼ ਦੀ ਸੋਫੀ ਏਕਲਸਟੋਨ ਨੇ 4 ਅਤੇ ਦੀਪਤੀ ਸ਼ਰਾ ਨੇ 3 ਵਿਕਟਾਂ ਲਈਆਂ। 20 ਓਵਰਾਂ ਵਿਚ 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂ.ਪੀ. ਵਾਰੀਅਰਜ਼ ਦੀ ਟੀਮ ਨੂੰ ਕੋਈ ਖ਼ਾਸ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਕਪਤਾਨ ਐਲਿਸਾ ਹੀਲੀ ਨੇ 47 ਗੇਂਦਾਂ ਵਿਚ 96 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਇਸ ਦੌਰਾਨ 18 ਚੌਕੇ ਤੇ 1 ਛੱਕਾ ਜੜਿਆ। ਉਸ ਦੀ ਸਾਥੀ ਸਲਾਮੀ ਬੱਲੇਬਾਜ਼ ਦੇਵਿਕਾ ਵੈਦਿਆ ਨੇ ਵੀ ਪਾਰੀ ਨੂੰ ਸੰਭਾਲੀ ਰੱਖਿਆ ਤੇ 36 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਵਾਰੀਅਰਜ਼ ਨੇ 13 ਓਵਰਾਂ ਵਿਚ ਬਿਨਾ ਕੋਈ ਵਿਕਟ ਗੁਆਏ ਬੜੇ ਅਰਾਮ ਨਾਲ ਜਿੱਤ ਦਰਜ ਕਰ ਲਈ। ਕਪਤਾਨ ਐਲਿਸਾ ਹੀਲੀ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

Add a Comment

Your email address will not be published. Required fields are marked *