ਭਾਰਤ ਨੇ ਦੱਖਣੀ ਅਫਰੀਕਾ ਨੂੰ 78 ਦੌੜਾਂ ਨਾਲ ਹਰਾਇਆ

ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵੱਲੋਂ ਖੇਡੇ ਗਏ ਲੜੀ ਦੇ ਤੀਜੇ ਤੇ ਆਖ਼ਰੀ ਵਨਡੇ ਮੈਚ ‘ਚ ਦੱਖਣੀ ਅਫਰੀਕਾ ਨੂੰ 78 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕਰ ਲਈ ਹੈ। ਲੜੀ ਦਾ ਪਹਿਲਾ ਮੈਚ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੈਚ ਦੱਖਣੀ ਅਫਰੀਕਾ ਨੇ 8 ਵਿਕਟਾਂ ਨਾਲ ਜਿੱਤਿਆ ਸੀ। 

ਟਾਸ ਜਿੱਤ ਕੇ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਸੰਜੂ ਸੈਮਸਨ (108) ਦੇ ਸੈਂਕੜੇ ਅਤੇ ਤਿਲਕ ਵਰਮਾ (52) ਦੇ ਅਰਧ ਸੈਂਕੜੇ ਤੋਂ ਇਲਾਵਾ ਰਿੰਕੂ ਸਿੰਘ ਦੀਆਂ 38 ਦੌੜਾਂ ਦੀ ਪਾਰੀ ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ਗੁਆ ਕੇ 296 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਬਿਊਰਨ ਹੈਂਡ੍ਰਿਕਸ ਨੇ ਸਭ ਤੋਂ ਵੱਧ 3 ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਨਾਂਦ੍ਰੇ ਬਰਗਰ ਨੇ 2, ਜਦਕਿ ਕੇਸ਼ਵ ਮਹਾਰਾਜ, ਲੀਜ਼ਾਡ ਵਿਲੀਅਮਸ ਅਤੇ ਵੀਆਨ ਮਲਡਰ ਨੇ 1-1 ਵਿਕਟ ਲਈ। 

297 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਰਹੀ ਤੇ ਟੀਮ ਨੇ ਪਹਿਲੀ ਵਿਕਟ ਲਈ 59 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਓਪਨਰ ਰੀਜ਼ਾ ਹੈਂਡ੍ਰਿਕਸ 19 ਦੌੜਾਂ ਬਣਾ ਕੇ ਅਰਸ਼ਦੀਪ ਦੀ ਗੇਂਦ ‘ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋ ਗਿਆ। ਰਾਸੀ ਵਾਨ ਡਰ ਦੁਸੇਂ 2 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਡੀ ਜੌਰਜੀ ਇਸ ਵਾਰ ਵੀ 81 ਦੌੜਾਂ ਦੀ ਵਧੀਆ ਪਾਰੀ ਖੇਡ ਕੇ ਆਊਟ ਹੋ ਗਿਆ। ਕਪਤਾਨ ਏਡਨ ਮਾਰਕ੍ਰਮ ਨੇ 36 ਦੌੜਾਂ ਦਾ ਯੋਗਦਾਨ ਦਿੱਤਾ। 

ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ 21 ਦੌੜਾਂ ਬਣਾਈਆਂ ਤੇ ਆਵੇਸ਼ ਖਾਨ ਦੀ ਗੇਂਦ ‘ਤੇ ਕੈਚ ਆਊਟ ਹੋ ਗਿਆ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ ਤੇ ਪੂਰੀ ਟੀਮ 45.5 ਓਵਰਾਂ ‘ਚ 218 ਦੌੜਾਂ ਬਣਾ ਕੇ ਆਲ-ਆਊਟ ਹੋ ਗਈ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ, ਜਦਕਿ ਆਵੇਸ਼ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੂੰ 2-2 ਵਿਕਟਾਂ ਮਿਲੀਆਂ। ਮੁਕੇਸ਼ ਕੁਮਾਰ ਅਤੇ ਅਕਸ਼ਰ ਪਟੇਲ ਨੂੰ ਵੀ 1-1 ਵਿਕਟ ਮਿਲੀ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 78 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ ਲੜੀ ‘ਤੇ ਵੀ 2-1 ਨਾਲ ਕਬਜ਼ਾ ਕਰਨ ‘ਚ ਕਾਮਯਾਬ ਰਹੀ। ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਸੰਜੂ ਸੈਮਸਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ, ਜਦਕਿ 3 ਮੈਚਾਂ ‘ਚ 10 ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ ਹੈ।

Add a Comment

Your email address will not be published. Required fields are marked *