ਨਿਊਜ਼ੀਲੈਂਡ ਭੇਜਣ ਲਈ ਏਜੰਟ ਵੱਲੋਂ ਨਕਲੀ ਵੀਜ਼ਾ ਤੇ ਆਫਰ ਲੇਟਰ ਦਾ ਪਰਦਾਫਾਸ਼

ਜਲੰਧਰ – ਜਲੰਧਰ ਦੇ ਨਿਊ ਅਮਨ ਨਗਰ ਦਾ ਇਕ ਨੌਜਵਾਨ ਮਹਾਰਾਸ਼ਟਰ ਦੇ ਮੁੰਬਈ ਵਿਚ ਸਥਿਤ ਇਕ ਟਰੈਵਲ ਏਜੰਟ ਦੇ ਝਾਂਸੇ ਵਿਚ ਫਸ ਗਿਆ। ਪੀੜਤ ਨੌਜਵਾਨ ਨੂੰ ਏਜੰਟ ਨੇ 1.86 ਲੱਖ ਰੁਪਏ ਦੇ ਕੇ ਵੀਜ਼ਾ ਅਤੇ ਆਫਰ ਲੈਟਰ ਵਿਖਾਏ ਪਰ ਬਾਅਦ ਵਿਚ ਪਤਾ ਕਰਨ ’ਤੇ ਵੀਜ਼ਾ ਤੇ ਆਫਰ ਲੈਟਰ ਦੋਵੇਂ ਹੀ ਫਰਜ਼ੀ ਨਿਕਲੇ। ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਗੌਰਵ ਪੁੱਤਰ ਬੋਧਰਾਜ ਨਿਵਾਸੀ ਨਿਊ ਅਮਨ ਨਗਰ ਗੁਲਾਬ ਦੇਵੀ ਰੋਡ ਨੇ ਦੱਸਿਆ ਕਿ 12ਵੀਂ ਤਕ ਦੀ ਪੜ੍ਹਾਈ ਕਰਕੇ ਉਹ ਪ੍ਰਾਈਵੇਟ ਨੌਕਰੀ ਕਰਨ ਲੱਗਾ। ਉਸ ਦੇ ਕਿਸੇ ਜਾਣਕਾਰ ਨੇ ਉਸ ਨੂੰ ਦੱਸਿਆ ਕਿ ਮੁੰਬਈ ਦਾ ਏਜੰਟ ਨੌਜਵਾਨਾਂ ਨੂੰ ਵਰਕ ਪਰਮਿਟ ’ਤੇ ਨਿਊਜ਼ੀਲੈਂਡ ਭੇਜਦਾ ਹੈ ਅਤੇ ਉਥੇ ਉਨ੍ਹਾਂ ਦੀ ਨੌਕਰੀ ਵੀ ਆਸਾਨੀ ਨਾਲ ਦਿਵਾ ਦਿੰਦਾ ਹੈ।

ਗੌਰਵ ਨੇ ਫੋਨ ’ਤੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਸਾਰਾ ਪਲਾਨ ਸਮਝਾਇਆ। ਏਜੰਟ ਨੇ ਗੌਰਵ ਨੂੰ ਆਪਣੇ ਝਾਂਸੇ ਵਿਚ ਲੈਣ ਲਈ ਆਪਣੇ 2 ਪਾਰਟਨਰਾਂ ਨਾਲ ਵੀ ਗੱਲ ਕਰਵਾਈ, ਜਿਨ੍ਹਾਂ ਨੇ ਕਿਹਾ ਕਿ ਉਹ ਕਈ ਨੌਜਵਾਨਾਂ ਨੂੰ ਨਿਊਜ਼ੀਲੈਂਡ ਵਿਚ ਸੈੱਟ ਕਰ ਚੁੱਕੇ ਹਨ। ਏਜੰਟਾਂ ਨੇ ਉਨ੍ਹਾਂ ਨੂੰ 5 ਲੱਖ ਰੁਪਏ ਵਿਚ ਨਿਊਜ਼ੀਲੈਂਡ ਵਿਚ ਭੇਜਣ ਦੀ ਗੱਲ ਕਹੀ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਗੌਰਵ ਨੇ ਪਹਿਲਾਂ ਆਪਣੇ ਦਸਤਾਵੇਜ਼ ਵ੍ਹਟਸਐਪ ਕੀਤੇ ਅਤੇ ਬਾਅਦ ਵਿਚ ਉਨ੍ਹਾਂ ਦੇ ਖ਼ਾਤੇ ਵਿਚ 43 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।

ਗੌਰਵ ਨੇ ਦੱਸਿਆ ਕਿ 3 ਅਗਸਤ 2023 ਨੂੰ ਏਜੰਟ ਨੇ ਫੋਨ ਕਰਕੇ ਉਸ ਨੰ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਵੀਜ਼ਾ ਆ ਗਿਆ ਹੈ। ਏਜੰਟ ਨੇ ਵ੍ਹਟਸਐਪ ’ਤੇ ਹੀ ਉਸ ਨੂੰ ਵੀਜ਼ਾ ਭੇਜ ਦਿੱਤਾ। ਏਜੰਟ ਦੇ ਮੰਗਣ ’ਤੇ ਗੌਰਵ ਨੇ ਉਨ੍ਹਾਂ ਨੂੰ 1.43 ਲੱਖ ਰੁਪਏ ਹੋਰ ਟਰਾਂਸਫਰ ਕਰ ਦਿੱਤੇ। ਕੁਝ ਦਿਨਾਂ ਬਾਅਦ ਏਜੰਟ ਨੇ ਉਸ ਨੂੰ ਆਫਰ ਲੈਟਰ ਭੇਜਿਆ ਅਤੇ ਬਾਕੀ ਦੇ ਪੈਸੇ ਵੀ ਮੰਗਣ ਲੱਗਾ। ਗੌਰਵ ਨੇ ਕਿਹਾ ਕਿ ਉਸ ਨੇ ਏਜੰਟ ਨੂੰ ਬਾਕੀ ਦੇ ਪੈਸੇ ਨਿਊਜ਼ੀਲੈਂਡ ਜਾ ਕੇ ਭੇਜਣ ਨੂੰ ਕਿਹਾ ਪਰ ਪੈਸਿਆਂ ਲਈ ਏਜੰਟ ਤਿਲਮਿਲਾ ਗਿਆ। ਸ਼ੱਕ ਪੈਣ ’ਤੇ ਉਸ ਨੇ ਜਦੋਂ ਏਜੰਟ ਦੀ ਇਨਕੁਆਰੀ ਕਰਵਾਈ ਤਾਂ ਪਤਾ ਲੱਗਾ ਕਿ ਉਸ ਨੇ ਕਈ ਲੋਕਾਂ ਨਾਲ ਫਰਾਡ ਕੀਤਾ ਹੋਇਆ ਹੈ। ਗੌਰਵ ਨੇ ਏਜੰਟ ਵੱਲੋਂ ਦਿੱਤਾ ਵੀਜ਼ਾ ਅਤੇ ਆਫਰ ਲੈਟਰ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਗੌਰਵ ਨੇ ਏਜੰਟ ਨਾਲ ਗੱਲ ਕੀਤੀ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਏਜੰਟ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਧਮਕੀਆਂ ਦੇਣ ਲੱਗਾ। ਕਾਫ਼ੀ ਸਮੇਂ ਬਾਅਦ ਵੀ ਜਦੋਂ ਏਜੰਟ ਨੇ ਪੈਸੇ ਨਾ ਮੋੜੇ ਤਾਂ ਪੀੜਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੌਰਵ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਫਰਿਆਦ ਕੀਤੀ ਹੈ।

Add a Comment

Your email address will not be published. Required fields are marked *