ਅਕਾਲੀਆਂ ਤੇ ਕਾਂਗਰਸੀਆਂ ਨੇ ਹਮੇਸ਼ਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ: ਮਲਵਿੰਦਰ ਕੰਗ

ਚੰਡੀਗੜ੍ਹ, 28 ਜਨਵਰੀ-: ਆਮ ਆਦਮੀ ਪਾਰਟੀ, ਪੰਜਾਬ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ’ਤੇ ਵਿਧਾਨ ਸਭਾ ਸਟਿੱਕਰਾਂ ਤੇ ਇਸ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਾਸੀ ਕਾਂਗਰਸ ਤੇ ਅਕਾਲੀ ਦਲ ਨੂੰ ਨਕਾਰ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਸਰਕਾਰੀ ਮਸ਼ੀਨਰੀ ਤੇ ਤਾਕਤਾਂ ਦੀ ਦੁਰਵਰਤੋਂ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਸ੍ਰੀ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਸਣੇ 80 ਸਾਬਕਾ ਵਿਧਾਇਕਾਂ ਨੇ ਹਾਲੇ ਤੱਕ ਆਪਣੇ ਵਿਧਾਨ ਸਭਾ ਸਟਿੱਕਰ ਵਾਪਸ ਨਹੀਂ ਕੀਤੇ ਹਨ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਵਿਧਾਨ ਸਭਾ ਨੇ ਹੁਣ ਸਾਰੇ ਸਾਬਕਾ ਵਿਧਾਇਕਾਂ ਨੂੰ ਸਦਨ ਦੇ ਪਿਛਲੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ‘ਐੱਮਐੱਲਏ ਸਟਿੱਕਰ’ ਵਾਪਸ ਕਰਨ ਲਈ ਨੋਟਿਸ ਭੇਜੇ ਹਨ, ਜੋ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਖ਼ੁਦ ਹੀ ਵਾਪਸ ਕਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਤੇ ਰੁਤਬੇ ਦੀ ਦੁਰਵਰਤੋਂ ਕਰਨ ਵਾਲੇ ਹਰ ਵਰਤਾਰੇ ’ਤੇ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਖਸਤਾ ਹਾਲ ਹੋ ਚੁੱਕੀਆਂ ਸਰਕਾਰੀ ਇਮਾਰਤਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਦੀ ਵਰਤੋਂ ਸੂਬਾ ਵਾਸੀਆਂ ਨੂੰ ਮੁਫ਼ਤ ਤੇ ਉੱਚ ਪੱਧਰੀ ਸਹੂਲਤਾਂ ਦੇਣ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਆਗੂਆਂ ਨੇ ਆਪੋ-ਆਪਣੇ ਕਾਰਜਕਾਲ ਦੌਰਾਨ ਸਰਕਾਰੀ ਫੰਡਾਂ ਦੀ ਲੁੱਟ ਅਤੇ ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ, ਪਰ ਹੁਣ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Add a Comment

Your email address will not be published. Required fields are marked *