ਪੁਲੀਸ ਨੇ ਚੰਨੀ ਨੂੰ ਸਿੱਧੂ ਮੂਸੇਵਾਲਾ ਘਰ ਆ ਕੇ ਸੌਂਪਿਆ ਸੰਮਨ

ਮਾਨਸਾ, 21 ਦਸੰਬਰ-: ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਸੂਬੇ ਦੀ ਸਰਗਰਮ ਸਿਆਸਤ ਤੋਂ ਦੂਰ ਵਿਦੇਸ਼ ਚਲੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ। ਉਨ੍ਹਾਂ ਮੂਸੇਵਾਲਾ ਦੀ ਹਵੇਲੀ ’ਚ ਹੀ ਪਰਿਵਾਰ ਨਾਲ ਰਾਤ ਗੁਜ਼ਾਰੀ ਅਤੇ ਪੰਜਾਬੀ ਗਾਇਕ ਦੇ ਕਤਲ ਲਈ ਵਿੱਢੀ ਹੋਈ ਇਨਸਾਫ਼ ਦੀ ਜੰਗ ਸਬੰਧੀ ਗੱਲਬਾਤ ਕੀਤੀ।

ਉਹ ਮੰਗਲਵਾਰ ਨੂੰ ਰਾਜਸਥਾਨ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਿੱਧੇ ਪਿੰਡ ਮੂਸਾ ਹੀ ਆਏ ਸਨ ਅਤੇ ਰਸਤੇ ਵਿਚ ਧੁੰਦ ਹੋਣ ਕਾਰਨ ਜ਼ਿਆਦਾ ਲੇਟ ਹੋਣ ਕਰਕੇ ਪਿੰਡ ਮੂਸਾ ਵਿੱਚ ਹੀ ਵਿੱਚ ਰੁਕ ਗਏ।

ਉਨ੍ਹਾਂ ਨੇ ਅੱਜ ਆਪਣੀ ਪੰਜਾਬ ਫੇਰੀ ਮੂਸੇਵਾਲਾ ਦੇ ਘਰ ਤੋਂ ਆਰੰਭ ਕੀਤੀ ਗਈ ਹੈ। ਉਨ੍ਹਾਂ ਨੇ ਕੁੱਝ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਵਿਦੇਸ਼ ਫੇਰੀ ਤੋਂ ਬਾਅਦ ਇਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਆਰੰਭੀ ਇਨਸਾਫ਼ ਦੀ ਜੰਗ ’ਚ ਸ਼ਾਮਲ ਹੋ ਕੇ ਮਰਹੂਮ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਨਿਆਂ ਦਿਵਾਉਣਗੇ। ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਮਾਨਸਾ ਪੁਲੀਸ ਉਨ੍ਹਾਂ ਨੂੰ ਇਥੇ ਆਉਣ ਤੋਂ ਰੋਕਣ ਲਈ ਲਈ ਲੰਘੀ ਦੇਰ ਸ਼ਾਮ ਤੋਂ ਹੀ ਫੋਨ ਰਾਹੀਂ ਸੁਨੇਹੇ ਦਿੰਦੀ ਰਹੀ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ, ਜਿਸ ਕਰਕੇ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਚਿਤਾਵਨੀ ਦੇ ਬਾਵਜੂਦ ਉਹ ਇੱਥੇ ਆਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਉਨ੍ਹਾਂ ਵਿਰੁੱਧ ਸਿੱਧੂ ਮੂਸੇਵਾਲਾ ਦੀ ਵਿਧਾਨ ਸਭਾ ਚੋਣ ਵੇਲੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਮਾਨਸਾ ਦੀ ਇੱਕ ਅਦਾਲਤ ਵੱਲੋਂ ਪੰਜਾਬ ਪੁਲੀਸ ਰਾਹੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਸੌਂਪੇ ਗਏ ਹਨ। ਪੁਲੀਸ ਵਲੋਂ ਚੰਨੀ ਨੂੰ ਇਹ ਸੰਮਨ ਮਾਨਸਾ ਦੇ ਡੀਐੱਸਪੀ ਸੰਜੀਵ ਗੋਇਲ ਨੇ ਅੱਜ ਮੂਸੇਵਾਲਾ ਦੇ ਘਰ ਜਾ ਕੇ ਸੌਪੇ। ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਨਸਾ ਦੀ ਅਦਾਲਤ ਵਿੱਚ 12 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *