ਆਸਟ੍ਰੇਲੀਆ ‘ਚ 17 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ

ਸਿਡਨੀ – ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਸ਼ੁੱਕਰਵਾਰ ਨੂੰ 17 ਲੋਕਾਂ ਨੂੰ ਲਿਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 7 ਯਾਤਰੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 7:50 ‘ਤੇ ਬਾਰਵੋਨ ਹੈੱਡਸ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਉਸ ਵਿਚ ਪਾਇਲਟ ਸਮੇਤ 17 ਲੋਕ ਸਵਾਰ ਸਨ।

ਰਾਜ ਦੇ ਦੱਖਣੀ ਤੱਟਵਰਤੀ ਖੇਤਰ ‘ਤੇ ਸਥਿਤ ਕੋਨੇਵਾਰੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ ਜਹਾਜ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਂਬੂਲੈਂਸ ਵਿਕਟੋਰੀਆ ਦੇ ਅਨੁਸਾਰ, 7 ਜ਼ਖ਼ਮੀ ਲੋਕਾਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਕਿਹਾ, “ਪੈਰਾਮੈਡਿਕਸ ਨੇ ਘਟਨਾ ਸਥਾਨ ‘ਤੇ ਜਹਾਜ਼ ਤੋਂ 10 ਹੋਰ ਲੋਕਾਂ ਦਾ ਮੁਲਾਂਕਣ ਕੀਤਾ, ਪਰ ਉਨ੍ਹਾਂ ਨੂੰ ਐਮਰਜੈਂਸੀ ਇਲਾਜ ਦੀ ਲੋੜ ਨਹੀਂ ਸੀ।” ਪੁਲਸ ਨੇ ਅੱਗੇ ਕਿਹਾ ਕਿ ਹਾਦਸੇ ਦੇ ਸਹੀ ਹਾਲਾਤਾਂ ਦੀ ਜਾਂਚ ਜਾਰੀ ਹੈ।

ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ (ਏ.ਟੀ.ਐੱਸ.ਬੀ.) ਨੇ ਸੇਸਨਾ 208 Caravan ਸਕਾਈਡਾਈਵਿੰਗ ਏਅਰਕ੍ਰਾਫਟ ਦੀ ਜ਼ਬਰਦਸਤੀ ਲੈਂਡਿੰਗ ਲਈ ਟ੍ਰਾਂਸਪੋਰਟ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ। ਏ.ਟੀ.ਐੱਸ.ਬੀ. ਦੇ ਚੀਫ਼ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ, “ਬਾਰਵੋਨ ਹੈੱਡਸ ਤੋਂ ਉਡਾਣ ਭਰਨ ਤੋਂ ਬਾਅਦ ਸ਼ੁਰੂਆਤੀ ਚੜ੍ਹਾਈ ਦੇ ਦੌਰਾਨ, ਪਾਇਲਟ ਨੂੰ ਇੰਜਣ ਵਿੱਚ ਖਰਾਬੀ ਦਿਸੀ ਅਤੇ ਉਸ ਨੇ ਜ਼ਬਰਦਸਤੀ ਲੈਂਡਿੰਗ ਕਰਾਈ, ਜਿਸ ਦੌਰਾਨ ਜਹਾਜ਼ ਹਾਦਸਗ੍ਰਸਤ ਹੋ ਗਿਆ।’

Add a Comment

Your email address will not be published. Required fields are marked *