2 ਭਾਰਤੀ ਔਰਤਾਂ ਨੇ ਇਜ਼ਰਾਈਲ-ਹਮਾਸ ਜੰਗ ‘ਚ ਦਿਖਾਈ ਦਲੇਰੀ

ਤਿਰੂਵਨੰਤਪੁਰਮ-ਇਜ਼ਰਾਈਲ ਵਿਚ ਹਮਾਸ ਦੇ ਹਮਲੇ ਦੌਰਾਨ ਇਕ ਬਜ਼ੁਰਗ ਜੋੜੇ ਦੀ ਦੇਖਭਾਲ ਕਰ ਰਹੀਆਂ ਕੇਰਲ ਦੀਆਂ ਦੋ ਔਰਤਾਂ ਨੇ 7 ਅਕਤੂਬਰ ਨੂੰ ਅਸਾਧਾਰਨ ਸਾਹਸ ਅਤੇ ਹੌਂਸਲਾ ਦਿਖਾਉਂਦੇ ਹੋਏ ਉਹਨਾਂ ਦੀ ਜਾਨ ਬਚਾਈ। ਭਾਰਤ ਵਿੱਚ ਇਜ਼ਰਾਈਲੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕੇਰਲ ਦੀਆਂ ਦੋ ਔਰਤਾਂ ਸਵਿਤਾ ਅਤੇ ਮੀਰਾ ਮੋਹਨਨ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਭਾਰਤ ਦੀਆਂ ਬੇਮਿਸਾਲ ਦਲੇਰ ਔਰਤਾਂ (ਭਾਰਤੀ ਸੁਪਰ ਵੂਮੈਨ) ਕਿਹਾ। 

ਦੂਤਘਰ ਨੇ ਸਵਿਤਾ ਦਾ ਇੱਕ ਵਾਇਰਲ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿੱਚ ਉਸਨੇ ਦੱਸਿਆ ਕਿ 7 ਅਕਤੂਬਰ ਨੂੰ ਹਮਾਸ ਸਮੂਹ ਦੁਆਰਾ ਅਚਾਨਕ ਹਮਲੇ ਤੋਂ ਬਾਅਦ ਕੀ ਹੋਇਆ ਸੀ। ਆਪਣੇ ਵੀਡੀਓ ਸੰਦੇਸ਼ ਵਿੱਚ ਸਵਿਤਾ ਨੇ ਇਸ ਦੁਖਦਾਈ ਘਟਨਾ ਦਾ ਸਪਸ਼ਟ ਤੌਰ ‘ਤੇ ਵਰਣਨ ਕੀਤਾ ਜਦੋਂ ਉਸਨੇ ਅਤੇ ਮੋਹਨਨ ਨੇ ਬਹਾਦਰੀ ਨਾਲ ਆਪਣੀ ਅਤੇ ਉਸ ਬਜ਼ੁਰਗ ਜੋੜੇ ਦੀ ਜਾਨ ਬਚਾਈ, ਜਿਸ ਦੀ ਉਹ ਦੇਖਭਾਲ ਕਰ ਰਹੀਆਂ ਸਨ। ਸੰਦੇਸ਼ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਘਰ ਦੇ ਅੰਦਰ ਸੁਰੱਖਿਆ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਨੂੰ ਕੱਸ ਕੇ ਫੜ ਲਿਆ ਸੀ। ਗੋਲੀਆਂ ਦੀ ਵਰਖਾ ਦੇ ਬਾਵਜੂਦ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਦਲੇਰੀ ਨਾਲ ਹਮਲਾਵਰਾਂ ਨੂੰ ਅੰਦਰ ਵੜਨ ਤੋਂ ਰੋਕਿਆ। 

ਸਵਿਤਾ ਨੇ ਦੱਸਿਆ ਕਿ ਜਿਸ ਜੋੜੇ ਦੀ ਉਹ  ਦੇਖ-ਰੇਖ ਕਰ ਰਹੀਆਂ ਸਨ, ਉਸ ਵਿਚ ਮਹਿਲਾ ਨਿਊਰੋਲੋਜੀਕਲ ਬੀਮਾਰੀ ਏ.ਐੱਲ.ਐੱਸ. ਨਾਲ ਪੀੜਤ ਸੀ। ਉਹਨਾਂ ਨੇ ਦੱਸਿਆ ਕਿ ਸਵੇਰੇ ਕਰੀਬ 6:30 ਵਜੇ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਹ ਸਕਿਓਰਿਟੀ ਰੂਮ ਵਿਚ ਗਏ। ਇਸ ਤੋਂ ਬਾਅਦ ਜੋੜੇ ਦੀ ਧੀ ਦਾ ਫੋਨ ਆਇਆ, ਜਿਸ ‘ਚ ਉਸ ਨੇ ਦੱਸਿਆ ਕਿ ਇਲਾਕੇ ‘ਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ ਅਤੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਇਜ਼ਰਾਈਲ ‘ਚ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਸਵਿਤਾ ਨੇ ਕਿਹਾ, ”ਕੁਝ ਸਮੇਂ ਬਾਅਦ ਘਰ ‘ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਆਵਾਜ਼ ਆਈ। ਇਸ ਦੌਰਾਨ ਗੋਲੀਬਾਰੀ ਅਤੇ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਆਈਆਂ।” ਉਨ੍ਹਾਂ ਕਿਹਾ ”ਅਸੀਂ ਉਨ੍ਹਾਂ ਦੀ ਧੀ ਨੂੰ ਦੁਬਾਰਾ ਫ਼ੋਨ ਕੀਤਾ ਅਤੇ ਪੁੱਛਿਆ ਕਿ ਕੀ ਕਰਨਾ ਹੈ। ਉਸ ਨੇ ਸਾਨੂੰ ਸਕਿਓਰਿਟੀ ਰੂਮ ਦੇ ਦਰਵਾਜ਼ੇ ਦਾ ਹੈਂਡਲ ਫੜਨ ਲਈ ਕਿਹਾ।

ਸਵਿਤਾ ਨੇ ਦੱਸਿਆ ਕਿ ਅਸੀਂ ਦੋਵਾਂ ਨੇ ਕਰੀਬ ਸਾਢੇ 4 ਘੰਟੇ ਤੱਕ ਹੈਂਡਲ ਫੜੀ ਰੱਖਿਆ ਜਦੋਂ ਕਿ ਹਮਲਾਵਰ ਦਰਵਾਜ਼ਾ ਖੋਲ੍ਹਣ ਦੀ ਮੰਗ ਕਰਦੇ ਹੋਏ ਗੋਲੀਆਂ ਚਲਾ ਰਹੇ ਸਨ। ਉਨ੍ਹਾਂ ਨੇ ਕਿਹਾ, ”ਅੱਤਵਾਦੀ ਸਵੇਰੇ 7:30 ਵਜੇ ਸਾਡੇ ਘਰ ‘ਚ ਦਾਖਲ ਹੋਏ। ਉਨ੍ਹਾਂ ਨੇ ਘਰ ਦਾ ਸਾਰਾ ਸਮਾਨ ਬਰਬਾਦ ਕਰ ਦਿੱਤਾ। ਸਾਨੂੰ ਨਹੀਂ ਪਤਾ ਕਿ ਘਰ ਵਿੱਚ ਕੀ ਚੱਲ ਰਿਹਾ ਸੀ। ਕਰੀਬ ਇੱਕ ਵਜੇ ਅਸੀਂ ਹੋਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਬਜ਼ੁਰਗ ਵਿਅਕਤੀ ਨੇ ਕਿਹਾ ਕਿ ਇਜ਼ਰਾਈਲੀ ਸੁਰੱਖਿਆ (ਆਈਡੀਐਫ) ਸਾਨੂੰ ਬਚਾਉਣ ਲਈ ਆਈ ਸੀ।” ਉਨ੍ਹਾਂ ਕਿਹਾ ਕਿ ਆਈਡੀਐਫ ਦੇ ਆਉਣ ਤੋਂ ਬਾਅਦ ਉਹ ਸਾਰੇ ਬਾਹਰ ਗਏ ਅਤੇ ਦੇਖਿਆ ਕਿ ਘਰ ਦੇ ਅੰਦਰ ਦਾ ਸਮਾਨ ਨਸ਼ਟ ਅਤੇ ਲੁੱਟਿਆ ਹੋਇਆ ਸੀ। ਉਨ੍ਹਾਂ ਕੋਲ ਕੁਝ ਨਹੀਂ, ਇੱਥੋਂ ਤੱਕ ਕਿ ਮੀਰਾ ਦਾ ਪਾਸਪੋਰਟ ਵੀ ਲੁੱਟ ਲਿਆ ਗਿਆ। ਸਵਿਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋਹਾਂ ‘ਚੋਂ ਕਿਸੇ ਨੇ ਵੀ ਅਜਿਹਾ ਦ੍ਰਿਸ਼ ਨਹੀਂ ਦੇਖਿਆ ਸੀ।

Add a Comment

Your email address will not be published. Required fields are marked *