ਕੈਨੇਡਾ ਦੇ ਮੌਂਟਰੀਅਲ ‘ਚ ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ ‘ਤੇ ਲਿਖੇ ‘ਇਤਰਾਜ਼ਯੋਗ’ ਨਾਅਰੇ

ਕੈਨੇਡਾ ਦੇ ਮੌਂਟਰੀਅਲ ਵਿਚ ਘੱਟੋ-ਘੱਟ 16 ਮੈਟਰੋ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਇਤਰਾਜ਼ਯੋਗ ਨਾਅਰੇ ਲਿਖੇ ਮਿਲੇ। ਮੌਂਟਰੀਅਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ ਦੀਆਂ ਕੰਧਾਂ, ਦਰਵਾਜ਼ਿਆਂ ‘ਤੇ ਫ਼ਿਲਸਤੀਨ ਦੇ ਹੱਕ ਵਿਚ ਪੋਸਟਰ ਅਤੇ ਗ੍ਰਾਫ਼ਿਟੀ ਬਣਾ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਬਹੁਤ ਸਾਰੇ ਪੋਸਟਰਾਂ ਵਿਚ ਫ਼ਿਲਸਤੀਨ ਨਸਲਕੁਸ਼ੀ ਵਿਚ ਕੈਨੇਡਾ ਦੇ ਮਿਲੀਭੁਗਤ ਦੇ ਵੀ ਦੋਸ਼ ਲਗਾਏ ਗਏ।

ਜਾਣਕਾਰੀ ਅਨੁਸਾਰ ਮੌਂਟਰੀਅਲ ਦੇ ਜੀਨ-ਟੈਲੋਨ, ਵਿਲਾ ਮਾਰੀਆ, ਸ਼ੇਰਬਰੂਕ, ਜੈਰੀ, ਮੌਂਟ ਰਾਇਲ, ਬੇਉਬੀਅਨ, ਏਡੌਰਡ-ਮੋਂਟਪੇਟਿਟ, ਫਰੰਟੈਨੇਕ, ਪਾਈ-IX, ਵਿਅਉ, ਫੈਬਰ, ਮੌਂਟਰੀਅਲ ਯੂਨੀਵਰਸਿਟੀ, ਪਰਕ, ਪ੍ਰੀਫੋਂਟੇਨ ਸਮੇਤ ਹੋਰ ਵੱਖ-ਵੱਖ ਸਟੇਸ਼ਨਾਂ ‘ਤੇ ਉਕਤ ਨਾਅਰੇਬਾਜ਼ੀ ਅਤੇ ਗ੍ਰਾਫਟੀਆਂ ਵੇਖਣ ਨੂੰ ਮਿਲੀਆਂ ਹਨ। ਇਨ੍ਹਾਂ ਵਿਚ ‘ਫ਼ਰੀ ਫ਼ਿਲਸਤੀਨ’, ‘ਸੀਜ਼ਫ਼ਾਇਰ ਨਾਓ’, ‘ਕੈਨੇਡਾ ਦੀ ਮਿਲੀਭੁਗਤ ਨਾਲ ਫ਼ਿਲਸਤੀਨ ‘ਚ ਨਸਲਕੁਸ਼ੀ’ ਜਿਹੇ ਨਾਅਰੇ ਲਿਖੇ ਮਿਲੇ।

ਇਸ ਸਬੰਧੀ ਮਾਂਟਰੀਅਲ ਪੁਲਸ ਦੇ ਬੁਲਾਰੇ ਨੇ ਸਿਟੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਦੇ ਕਰੀਬ ਇਸ ਦੀ ਸੂਚਨਾ ਮਿਲੀ ਸੀ। ਫਿਲਹਾਲ ਅਜੇ ਤੱਕ ਕਿਸੇ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸ਼ੁਰੂ ਵਿਚ SPVM ਹੇਟ ਕ੍ਰਾਈਮ ਯੂਨਿਟ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਸੀ, ਪਰ ਬਾਅਦ ਵਿਚ ਫਾਈਲ ਨੂੰ ਫੋਰਸ ਦੇ ਮੈਟਰੋ ਸੈਕਸ਼ਨ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ। ਇਸ ਦੀ ਜਾਂਚ ਇਕ ਸ਼ਰਾਰਤ ਵਜੋਂ ਕੀਤੀ ਜਾ ਰਹੀ ਹੈ।

SPVM ਦੀ ਬੁਲਾਰਾ ਸਬਰੀਨਾ ਗੌਥੀਅਰ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਹ ਕਿਸੇ ਵਿਅਕਤੀ ਦੇ ਖ਼ਿਲਾਫ਼ ਅਪਰਾਧ ਨਹੀਂ ਸੀ ਅਤੇ ਹਿੰਸਾ ਦਾ ਸੱਦਾ ਨਹੀਂ ਸੀ, ਸਗੋਂ ਜਨਤਕ ਸਥਾਨ ‘ਤੇ ਸ਼ਰਾਰਤ ਸੀ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਮੌਂਟਰੀਅਲ ਵਿਚ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਹਫ਼ਤੇ, ਦੋ ਯਹੂਦੀ ਸਕੂਲਾਂ ‘ਤੇ ਗੋਲ਼ੀਬਾਰੀ ਕੀਤੀ ਗਈ ਸੀ ਅਤੇ ਕੋਨਕੋਰਡੀਆ ਯੂਨੀਵਰਸਿਟੀ ਵਿਚ ਦੋ ਵੱਖ-ਵੱਖ ਸਮੂਹਾਂ ਵਿਚਕਾਰ ਗਰਮ ਝੜਪਾਂ ਹੋਈਆਂ ਸਨ।

Add a Comment

Your email address will not be published. Required fields are marked *