ਚੀਨ ਦੀ ਕੰਪਨੀ Vivo ਨੇ ਉਡਾਈਆਂ ਵੀਜ਼ਾ ਨਿਯਮਾਂ ਦੀਆਂ ਧੱਜੀਆਂ

ਨਵੀਂ ਦਿੱਲੀ – ਸਮਾਰਟਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ ਵੀਵੋ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਦੇ ਕਈ ਕਰਮਚਾਰੀਆਂ ’ਤੇ ਭਾਰਤ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਲੋਕਾਂ ਨੇ ਵੀਜ਼ਾ ਐਪਲੀਕੇਸ਼ਨ ਵਿਚ ਆਪਣੀ ਜਾਣਕਾਰੀ ਲੁਕਾਈ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿਚ ਜਾ ਕੇ ਨਿਯਮਾਂ ਦੀ ਉਲੰਘਣਾ ਕੀਤੀ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਸ ਮਾਮਲੇ ਵਿਚ ਕੋਰਟ ਵਿਚ 32 ਪੰਨਿਆਂ ਦੀ ਚਾਰਜਸ਼ੀਟ ਵਿਚ ਇਹ ਦੋਸ਼ ਲਾਏ ਹਨ। ਇਸ ਦੇ ਮੁਤਾਬਕ ਵੀਵੋ ਨੇ ਚੀਨ ਵਿਚ ਕੁੱਝ ਟਰੇਡਿੰਗ ਕੰਪਨੀਆਂ ਨੂੰ 12.87 ਅਰਬ ਡਾਲਰ ਯਾਨੀ ਇਕ ਲੱਖ ਕਰੋੜ ਰੁਪਏ ਤੋਂ ਵੱਧ ਰਕਮ ਭੇਜੀ। ਇਨ੍ਹਾਂ ਕੰਪਨੀਆਂ ਦਾ ਸਬੰਧ ਚੀਨ ਵਿਚ ਉਸ ਦੀ ਪੇਰੈਂਟ ਕੰਪਨੀ ਨਾਲ ਹੈ। ਕੰਪਨੀ ਨੇ 2014-15 ਤੋਂ ਲੈ ਕੇ 2019-20 ਦੌਰਾਨ ਕੋਈ ਪ੍ਰੋਫਿਟ ਨਹੀਂ ਦਿਖਾਇਆ ਅਤੇ ਕੋਈ ਇਨਕਮ ਟੈਕਸ ਨਹੀਂ ਦਿੱਤਾ ਪਰ ਭਾਰਤ ਤੋਂ ਬਾਹਰ ਭਾਰੀ ਰਕਮ ਭੇਜੀ।

ਈ. ਡੀ. ਨੇ ਪਿਛਲੇ ਸਾਲ ਵੀਵੋ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। ਇਸੇ ਹਫਤੇ ਕੰਪਨੀ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈ. ਡੀ. ਮੁਤਾਬਕ ਚੀਨ ਦੇ ਘੱਟ ਤੋਂ ਘੱਟ 30 ਨਾਗਰਿਕ ਬਿਜ਼ਨੈੱਸ ਵੀਜ਼ਾ ’ਤੇ ਭਾਰਤ ਆਏ ਸਨ। ਇਹ ਵੀਵੋ ਵਿਚ ਕੰਮ ਕਰਦੇ ਸਨ ਪਰ ਵੀਜ਼ਾ ਐਪਲੀਕੇਸ਼ਨ ਵਿਚ ਉਨ੍ਹਾਂ ਨੇ ਕਦੀ ਵੀ ਇਸ ਦਾ ਖੁਲਾਸਾ ਨਹੀਂ ਕੀਤਾ। ਇਹ ਲੋਕ ਭਾਰਤ ਵਿਚ ਕਈ ਥਾਂ ਗਏ। ਇਨ੍ਹਾਂ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਵੀ ਸ਼ਾਮਲ ਹਨ ਜੋ ਵੀਜ਼ਾ ਨਿਯਮਾਂ ਦੀ ਉਲੰਘਣਾ ਹੈ। ਭਾਰਤ ਵਚਿ ਵੀਵੋ ਗਰੁੱਪ ਦੀਆਂ ਕਈ ਕੰਪਨੀਆਂ ਦੇ ਕਰਮਚਾਰੀ ਵੀਜ਼ਾ ਤੋਂ ਬਿਨਾਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਵੀਜ਼ਾ ਐਪਲੀਕੇਸ਼ਨ ਵਿਚ ਆਪਣੇ ਰੋਜ਼ਗਾਰਦਾਤਾ ਬਾਰੇ ਜਾਣਕਾਰੀ ਲੁਕਾਈ ਅਤੇ ਚੀਨ ਵਿਚ ਭਾਰਤੀ ਅੰਬੈਸੀ ਨੂੰ ਧੋਖਾ ਦਿੱਤਾ।

Add a Comment

Your email address will not be published. Required fields are marked *