‘ਇਕ ਲੱਖ ਕਰੋੜ ਰੁਪਏ ਦਾ ਸੰਚਾਲਨ ਲਾਭ ਕਮਾ ਸਕਦੀਆਂ ਹੈ ਪੈਟਰੋਲੀਅਮ ਕੰਪਨੀਆਂ’

ਮੁੰਬਈ – ਘਰੇਲੂ ਬਾਜ਼ਾਰ ’ਚ ਪ੍ਰਚੂਨ ਕੀਮਤਾਂ ਵਧਣ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ’ਤੇ ਰਹਿਣ ਕਾਰਣ ਪੈਟਰੋਲੀਅਮ ਕੰਪਨੀਆਂ ਨੂੰ ਚਾਲੂ ਵਿੱਤੀ ਸਾਲ ’ਚ ਟੈਕਸ ਤੋਂ ਪਹਿਲਾਂ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਮੁਨਾਫਾ ਹੋਣ ਦੀ ਉਮੀਦ ਹੈ। ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਚਾਲੂ ਵਿੱਤੀ ਸਾਲ ’ਚ ਹੁਣ ਤੱਕ ਕੱਚੇ ਤੇਲ ਦੀ ਕੀਮਤ ਇਕ ਸਾਲ ਪਹਿਲਾਂ ਦੀ ਤੁਲਣਾ ’ਚ 30 ਫੀਸਦੀ ਤੋਂ ਵੱਧ ਹੇਠਾਂ ਆ ਚੁੱਕੀ ਹੈ। ਉੱਥੇ ਹੀ ਪੈਟਰੋਲੀਅਮ ਕੰਪਨੀਆਂ ਨੇ ਇਸ ਦੌਰਾਨ ਕੀਮਤਾਂ ਨਹੀਂ ਘਟਾਈਆਂ ਹਨ। ਤੇਲ ਕੀਮਤਾਂ ’ਚ ਮਈ, 2022 ਤੋਂ ਕੋਈ ਬਦਲਾਅ ਨਹੀਂ ਹੋਇਆ ਹੈ।

ਕ੍ਰਿਸਿਲ ਨੇ ਬੁੱਧਵਾਰ ਨੂੰ ਜਾਰੀ ਇਕ ਨੋਟ ’ਚ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ (ਓ. ਏ. ਮੀ. ਸੀ.) ਇਕ ਲੱਖ ਕਰੋੜ ਰੁਪਏ ਦਾ ਸੰਚਾਲਨ ਲਾਭ ਕਮਾ ਸਕਦੀਆਂ ਹਨ। ਵਿੱਤੀ ਸਾਲ 2016-17 ਤੋਂ 2021-22 ਦੌਰਾਨ ਪੈਟਰੋਲੀਅਮ ਕੰਪਨੀਆਂ ਦਾ ਔਸਤ ਸੰਚਾਲਨ ਲਾਭ 60,000 ਕਰੋੜ ਰੁਪਏ ਰਿਹਾ ਸੀ। ਪਿਛਲੇ ਵਿੱਤੀ ਸਾਲ 2022-23 ’ਚ ਤਾਂ ਇਹ 33,000 ਕਰੋੜ ਰੁਪਏ ਦੇ ਹੇਠਲੇ ਪੱਧਰ ’ਤੇ ਆ ਗਿਆ ਸੀ। ਇਹ ਰਿਪੋਰਟ ਜਨਤਕ ਖੇਤਰ ਦੀਆਂ ਤਿੰਨ ਪੈਟਰੋਲੀਅਮ ਕੰਪਨੀਆਂ ’ਤੇ ਆਧਾਰਿਤ ਹੈ।

ਪੈਟਰੋਲੀਅਮ ਕੰਪਨੀਆਂ ਦੋ ਕਾਰੋਬਾਰ ਤੋਂ ਪੈਸਾ ਕਮਾਉਂਦੀਆਂ ਹਨ। ਪਹਿਲਾ ਹੈ ਰਿਫਾਈਨਿੰਗ, ਜਿਸ ’ਚ ਉਸ ਨੂੰ ਕੁੱਲ ਰਿਫਾਈਨਿੰਗ ਮੁਨਾਫਾ ਮਿਲਦਾ ਹੈ। ਇਹ ਰਿਫਾਇਨਰੀ ਦੇ ਗੇਟ ’ਤੇ ਸੋਧੇ ਅਨੁਪਾਤ ਦੇ ਰੇਟ ’ਚੋਂ ਕੱਚੇ ਤੇਲ ਦਾ ਰੇਟ ਘਟਾ ਕੇ ਕੱਢਿਆ ਜਾਂਦਾ ਹੈ। ਦੂਜਾ ਕਾਰੋਬਾਰ ਪੈਟਰੋਲ ਪੰਪਾਂ ਰਾਹੀਂ ਪੈਟਰੋਲ, ਡੀਜ਼ਲ ਦੀ ਵਿਕਰੀ ਦਾ ਹੈ। ਇਸ ’ਚ ਉਸ ਨੂੰ ਈਂਧਨ ਉਤਪਾਦਾਂ ’ਤੇ ਮੁਨਾਫਾ ਮਿਲਦਾ ਹੈ। ਵਿੱਤੀ ਸਾਲ 2022-23 ਵਿਚ ਪੈਟਰੋਲੀਅਮ ਕੰਪਨੀਆਂ ਦਾ ਕੁੱਲ ਰਿਫਾਈਨਿੰਗ ਮੁਨਾਫਾ ਔਸਤਨ 15 ਡਾਲਰ ਪ੍ਰਤੀ ਬੈਰਲ ਸੀ। ਇਸ ਦਾ ਕਾਰਣ ਵਿਸ਼ੇਸ਼ ਤੌਰ ’ਤੇ ਡੀਜ਼ਲ ਦੀ ਮੰਗ ਮਜ਼ਬੂਤ ਰਹਿਣਾ ਹੈ। ਬਦਲ ਈਂਧਨ ਜਿਵੇਂ ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਅਤੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸੀ ਉਤਪਾਦਾਂ ’ਤੇ ਯੂਰਪੀ ਸੰਘ ਦੀ ਪਾਬੰਦੀ ਕਾਰਣ ਡੀਜ਼ਲ ਦੀ ਮੰਗ ਮਜ਼ਬੂਤ ਰਹੀ ਸੀ।

ਪੈਟਰੋਲੀਅਮ ਕੰਪਨੀਆਂ ਨੂੰ ਮਜ਼ਬੂਤ ਰਿਫਾਈਨਿੰਗ ਮੁਨਾਫੇ ਦੇ ਬਾਵਜੂਦ ਮਾਰਕੀਟਿੰਗ ’ਤੇ 8 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਹੋਇਆ, ਜਿਸ ਨਾਲ ਪੂਰੇ ਵਿੱਤੀ ਸਾਲ ਦੌਰਾਨ ਉਨ੍ਹਾਂ ਦਾ ਮੁਨਾਫਾ ਪ੍ਰਭਾਵਿਤ ਹੋਇਆ। ਰਿਪੋਰਟ ਕਹਿੰਦੀ ਹੈ ਕਿ ਚੰਗੀ ਗੱਲ ਇਹ ਹੈ ਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਪੈਟਰੋਲੀਅਮ ਕੰਪਨੀਆਂ ਨੇ 2016-17 ਤੋਂ 2022-23 ਦਰਮਿਆਨ ਆਪਣੇ ਨਿਵੇਸ਼ ਨੂੰ ਜ਼ਿਕਰਯੋਗ ਤੌਰ ’ਤੇ ਵਧਾ ਕੇ 3.3 ਲੱਖ ਕਰੋੜ ਰੁਪਏ ਕੀਤਾ ਹੈ। ਇਸ ਨਾਲ ਉਨ੍ਹਾਂ ਦਾ ਕੁੱਲ ਕਰਜ਼ਾ ਵੀ ਦੁੱਗਣਾ ਹੋ ਕੇ 2016-17 ਦੇ 1.2 ਲੱਖ ਕਰੋੜ ਤੋਂ ਵਧ ਕੇ 2.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਮੁਨਾਫਾ ਕਮਜ਼ੋਰ ਰਿਹਾ ਹੈ। ਚਾਲੂ ਵਿੱਤੀ ਸਾਲ ’ਚ ਪੈਟਰੋਲੀਅਮ ਕੰਪਨੀਆਂ ਦਾ ਨਿਵੇਸ਼ 54,000 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ।

Add a Comment

Your email address will not be published. Required fields are marked *