ਜਲੰਧਰ ‘ਚ ਪੋਤੇ ਨੇ ਹੀ ਕਰ ਦਿੱਤਾ ਆਪਣੀ ਦਾਦੀ ਦਾ ਕਤਲ

ਕਰਤਾਰਪੁਰ- ਸਥਾਨਕ ਟਾਹਲੀ ਸਾਹਿਬ ਰੋਡ ’ਤੇ ਰਹਿੰਦੇ ਇਕ ਪਰਿਵਾਰ ’ਚ ਲੰਘੀ 28 ਸਤੰਬਰ ਦੀ ਸਵੇਰ ਘਰ ’ਚ ਮਾਂ ਤੇ ਧੀ ਤੇ ਹੋਏ ਕਾਤਲਨਾ ਹਮਲੇ ਦੀ ਵਾਰਦਾਤ ਦੌਰਾਨ ਬਜ਼ੁਰਗ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਪਰ ਉਸ ਦੀ ਲੜਕੀ ਗੰਭੀਰ ਜ਼ਖਮੀ ਹੋ ਗਈ ਸੀ। ਇਸ ਵਾਰਦਾਤ ਦਾ ਬਾਅਦ ਦੁਪਹਿਰ ਸਵਾ ਕੁ 3 ਵਜੇ ਉਸ ਸਮੇਂ ਪਤਾ ਲੱਗਾ ਜਦ ਮ੍ਰਿਤਕ ਦਾ ਪਤੀ ਗੁਰਮੀਤ ਰਾਮ ਘਰ ਆਇਆ।

ਇਸ ਕੇਸ ਨੂੰ ਸਥਾਨਕ ਪੁਲਸ ਨੇ ਵੱਖ-ਵੱਖ ਐਂਗਲ ਤੋਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਕੰਮ ’ਚ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬਹੁਤ ਸਹਾਈ ਹੋਏ। ਸਥਾਨਕ ਪੁਲਸ ਨੇ ਵਾਰਦਾਤ ਦੇ 24 ਘੰਟਿਆਂ ’ਚ ਹੀ ਦੋਸ਼ੀ ਨੂੰ ਨਾਮਜ਼ਦ ਕਰ ਲਿਆ ਤੇ ਅੱਜ ਸਵੇਰੇ ਕਾਤਲ ਨੂੰ ਜਲੰਧਰ ਜਾਂਦੇ ਹੋਏ ਬਿਧੀਪੁਰ ਚੌਕ ’ਚ ਕਾਬੂ ਕਰ ਕੇ ਮਾਮਲਾ ਦੀ ਗੁੱਥੀ ਸੁਲਝਾ ਲਈ। ਇਸ ਸਬੰਧੀ ਇੰਸ. ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਟੀਮ ਨੂੰ ਲਗਾਤਾਰ ਮਿਹਨਤ ਕਰ ਕੇ ਇਸ ਕੇਸ ਨੂੰ ਹੱਲ ਕਰਨ ’ਚ ਸਫਲਤਾ ਹਾਸਲ ਕਰ ਲਈ। ਇਸ ਸਬੰਧੀ ਡੀ. ਐੱਸ. ਪੀ. ਬਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਵਾਰਦਾਤ ਸਬੰਧੀ ਖੰਗਾਲੇ ਗਏ ਸੀ.ਸੀ.ਟੀ.ਵੀ. ਕੈਮਰਿਆ ’ਚ ਇਕ ਨੌਜਵਾਨ, ਜੋ ਕਿ ਪਹਿਲਾ ਪੈਦਲ ਆਉਂਦਾ ਹੈ ਤੇ ਬਾਅਦ ’ਚ ਵਾਰਦਾਤ ਵਾਲੇ ਘਰੋਂ ਹੀ ਜੂਪੀਟਰ ਸਕੂਟਰ ਲੈ ਕੇ ਜਾਂਦਾ ਹੈ। ਸ਼ੱਕ ਹੋਣ ’ਤੇ ਗਹਿਰਾਈ ਨਾਲ ਜਾਂਚ ਕਰਨ ’ਤੇ ਇਸ ਕੇਸ ਦਾ ਲੋੜੀਂਦੇ ਨੀਰਜ ਕੁਮਾਰ ਉਰਫ ਗਲਿਹਰਾ (37) ਪੁੱਤਰ ਮਨੋਹਰ ਲਾਲ, ਜੋ ਕਿ ਸ਼ਰੀਕੇ ’ਚ ਮ੍ਰਿਤਕ ਸੁਰਿੰਦਰ ਕੌਰ ਦਾ ਪੋਤਾ ਲੱਗਦਾ ਹੈ, ਹੀ ਦੋਸ਼ੀ ਸਾਬਤ ਹੋ ਗਿਆ।

ਇਸ ਕਤਲ ਸਬੰਧੀ ਦੋਸ਼ੀ ਨੀਰਜ ਨੇ ਦੱਸਿਆ ਕਿ ਉਸ ਦੀ ਸ਼ਰੀਕੇ ’ਚੋ ਲੱਗਦੀ ਦਾਦੀ ਸੁਰਿੰਦਰ ਕੌਰ ਕਥਿਤ ਤੌਰ ’ਤੇ ਉਨ੍ਹਾਂ ਦੇ ਪਰਿਵਾਰ ’ਤੇ ਜਾਦੂ-ਟੂਣਾ-ਟੋਟਕਾ ਕਰਦੀ ਸੀ ਤੇ ਇਸ ਕਾਰਨ ਉਨ੍ਹਾਂ ਦਾ ਵਿਆਹ ਵੀ ਨਹੀਂ ਹੋ ਰਹੇ ਸਨ। ਘਰ ’ਚ ਕਲੇਸ਼, ਪਰਿਵਾਰਕ ਮੈਂਬਰ ਤੇ ਜਾਨਵਾਰ ਤੱਕ ਬੀਮਾਰ ਰਹਿੰਦੇ ਸਨ। ਇਸ ਸਬੰਧੀ ਉਹ ਸਿਰਫ ਦਾਦੀ ਸੁਰਿੰਦਰ ਕੌਰ ਨਾਲ ਸਵੇਰੇ ਕਰੀਬ 9 ਵਜੇ ਗੱਲ ਕਰਨ ਤੇ ਸਮਝਾਉਣ ਗਿਆ ਪਰ ਉੱਥੇ ਗੱਲਬਾਤ ਜ਼ਿਆਦਾ ਵਧ ਗਈ। ਕਰੀਬ 15 ਮਿੰਟ ਬਹਿਸ ਤੋਂ ਬਾਅਦ ਸਵਾ 9 ਵਜੇ ਉਹ ਵਾਪਸ ਜਾਣ ਲੱਗਾ ਪਰ ਪਤਾ ਨਹੀਂ ਉਸ ਦੇ ਮਨ ’ਚ ਦਾਦੀ ਦਾ ਕਤਲ ਦਾ ਵਿਚਾਰ ਆਇਆ ਤੇ ਸਿਰਫ 3 ਮਿੰਟ ਬਾਅਦ ਉਹ ਵਾਪਸ ਆਇਆ ਤੇ ਰਸੋਈ ਦੇ ਅੰਦਰ ਜਾ ਰਹੀ ਦਾਦੀ ਸੁਰਿੰਦਰ ਕੌਰ ਨੂੰ ਧੱਕਾ ਮਾਰ ਕੇ ਰਸੋਈ ’ਚ ਸੁੱਟ ਦਿੱਤਾ।

ਇਸ ਦੌਰਾਨ ਨੀਰਜ ਨੇ ਰਸੋਈ ’ਚ ਪਏ ਬਾਰੀ ਦੇ ਲੱਕੜ ਦੇ ਪੱਲੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਤੇ ਫਿਰ ਰਸੋਈ ’ਚ ਹੀ ਪਏ ਚਾਕੂਆਂ ਨਾਲ ਅੰਨ੍ਹੇਵਾਹ ਉਸ ਦੇ ਸਿਰ, ਗਰਦਨ, ਗਲੇ, ਮੂੰਹ ਤੇ ਅੱਖਾਂ ’ਤੇ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਮੀਨਾ ਕੁਮਾਰੀ ਛੱਤ ਤੋਂ ਹੇਠਾਂ ਆਈ ਤੇ ਨੀਰਜ ਨੇ ਇਸੇ ਤਰਾਂ ਉਸ ਨੂੰ ਵੀ ਰਸੋਈ ’ਚ ਧੱਕਾ ਦਿੱਤਾ ਤੇ ਅੰਨ੍ਹੇਵਾਹ ਚਾਕੂ ਨਾਲ ਗਰਦਨ, ਮੂੰਹ, ਨੱਕ ਤੇ ਮੱਥੇ ’ਤੇ ਵਾਰ ਕੀਤੇ ਤੇ ਉਸ ਨੂੰ ਵੀ ਮਰਿਆ ਸਮਝ ਕੇ ਰਸੋਈ ਨੂੰ ਬਾਹਰੋਂ ਕੁੰਡੀ ਲਾ ਕੇ ਤੇ ਆਪਣੇ ਕੱਪੜੇ ਖੂਨ ਨਾਲ ਲਿੱਬੜੇ ਹੋਣ ਕਰ ਕੇ ਘਰ ’ਚ ਪਏ ਹੋਰ ਕੱਪੜੇ ਪਾ ਕੇ ਤੇ ਜੂੁਪੀਟਰ ਸਕੂਟਰ ਲੈ ਕੇ ਘਰ ਨੂੰ ਬਾਹਰੋਂ ਤਾਲਾ ਲਾ ਕੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਇਸ ਵਾਰਦਾਤ ਲਈ ਉਸ ਨੂੰ ਕਰੀਬ 33 ਮਿੰਟ ਲੱਗੇ।

ਵਾਰਦਾਤ ਸਵੇਰੇ ਸਵਾ 9 ਵਜੇ ਤੋਂ ਪੌਣੇ 10 ਵਜੇ ਦੇ ਵਿਚਕਾਰ ਹੋਈ। ਪੁਲਸ ਨੇ ਦੋਸ਼ੀ ਤੋਂ ਜੂਪੀਟਰ ਸਕੂਟਰੀ, ਜਿਸ ਦੀ ਡਿੱਕੀ ’ਚ ਰੱਖੇ ਖੂਨ ਨਾਲ ਲਿੱਬੜੇ ਕੱਪੜੇ, ਵਾਰਦਾਤ ਵਾਲੀ ਥਾਂ ਤੋਂ ਚੁੱਕ ਕੇ ਪਾਈ ਕੈਪਰੀ ਤੇ ਟੀ-ਸ਼ਰਟ, ਵਾਰਦਾਤ ’ਚ ਵਰਤੇ ਚਾਕੂ ਤੇ ਲੱਕੜ ਦਾ ਪੱਲਾ ਬਰਾਮਦ ਕਰ ਲਿਆ ਹੈ। ਪੁਲਸ ਅਨੁਸਾਰ ਦੋਸ਼ੀ ਨਸ਼ੇ ਦਾ ਵੀ ਆਦੀ ਹੈ ਤੇ ਵਾਰਦਾਤ ਸਮੇਂ ਵੀ ਨਸ਼ਾ ਕੀਤਾ ਹੋਇਆ ਸੀ। ਇਸ ਕਤਲ ਪਿੱਛੇ ਵੀ ਦੋਸ਼ੀ ਦੇ ਮਨ ’ਚ ਗੁੱਸਾ ਤੇ ਰੰਜਿਸ਼ ਹੀ ਸੀ।

Add a Comment

Your email address will not be published. Required fields are marked *