ਹਰਿਆਣਾ ‘ਚ ਹਿੰਦੂ ਕੁੜੀ ਦਾ ਨਿਕਾਹ ਕਰਵਾਉਣ ਵਾਲਿਆਂ ‘ਤੇ ਮਾਮਲਾ ਦਰਜ

 ਹਰਿਆਣਾ ’ਚ ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ 9 ਲੋਕਾਂ ਖ਼ਿਲਾਫ਼ ਫਰੀਦਾਬਾਦ ਦੇ ਐੱਸ. ਜੀ. ਐੱਮ. ਨਗਰ ਪੁਲਸ ਸਟੇਸ਼ਨ ’ਚ ਸ਼ੁੱਕਰਵਾਰ ਨੂੰ ਸੂਬੇ ਦਾ ਪਹਿਲਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ 22 ਸਾਲਾ ਲੜਕੀ ਦੇ ਪਿਤਾ ਧੀਰਜ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੋਸ਼ੀ ਅਜੇ ਫਰਾਰ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿਚ ਹੀ ਸਰਕਾਰ ਨੇ ਹਰਿਆਣਾ ’ਚ ਧਰਮ ਤਬਦੀਲੀ ਨਿਵਾਰਣ ਐਕਟ ਪਾਸ ਕੀਤਾ ਸੀ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਬਲਪੂਰਵਕ, ਅਣਉਚਿਤ ਪ੍ਰਭਾਵ ਅਤੇ ਲਾਲਚ ਨਾਲ ਧਰਮ ਤਬਦੀਲੀ ’ਤੇ ਰੋਕ ਲਗਾਉਣਾ ਹੈ।

ਇਹ ਹੈ ਮਾਮਲਾ

ਲੜਕੀ ਦੇ ਪਿਤਾ ਧੀਰਜ ਕੁਮਾਰ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਪਹਿਲਾਂ ਹੀ ਜਾਵੇਦ ਨਾਂ ਦੇ ਨੌਜਵਾਨ ਨੇ ਉਨ੍ਹਾਂ ਦੀ ਧੀ ਸੰਸਕ੍ਰਿਤੀ ਦਾ ਧਰਮ ਤਬਦੀਲ ਕਰਵਾ ਦਿੱਤਾ ਸੀ। ਇਸ ਸਾਜ਼ਿਸ਼ ’ਚ ਉਸ ਦੇ ਨਾਲ-ਨਾਲ ਉਸ ਦੇ ਪਰਿਵਾਰ ਵਾਲੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ 26 ਅਕਤੂਬਰ ਨੂੰ ਜਾਵੇਦ ਅਤੇ ਸੰਸਕ੍ਰਿਤੀ ਨੇ ਨਿਕਾਹ ਕਰ ਲਿਆ ਸੀ ਅਤੇ ਨਿਕਾਹ ਤੋਂ ਬਾਅਦ ਦੋਵਾਂ ਨੇ ਸਥਾਨਕ ਅਦਾਲਤ ਵਿਚ ਸੁਰੱਖਿਆ ਲਈ ਅਰਜ਼ੀ ਦੇ ਦਿੱਤੀ ਸੀ। ਲੜਕੀ ਦੇ ਪਰਿਵਾਰ ਨੂੰ ਪੁਲਸ ਵਲੋਂ ਜਦੋਂ ਨੋਟਿਸ ਮਿਲਿਆ, ਉਦੋਂ ਇਹ ਮਾਮਲਾ ਸਾਹਮਣੇ ਆਇਆ।

9 ਖ਼ਿਲਾਫ਼ ਲਿਖਵਾਈ ਸ਼ਿਕਾਇਤ

ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਪਿਤਾ ਧੀਰਜ ਕੁਮਾਰ ਨੇ ਆਪਣੀ ਧੀ ਸੰਸਕ੍ਰਿਤੀ, ਉਸ ਦੇ ਪਤੀ ਜਾਵੇਦ, ਫਿਰੋਜ਼ ਖਾਨ (ਜਾਵੇਦ ਦਾ ਭਰਾ), ਲਿਆਕਤ ਅਲੀ (ਜਾਵੇਦ ਦੇ ਪਿਤਾ), ਪਾਇਲ (ਜਾਵੇਦ ਦੀ ਮਾਂ), ਇਰਸ਼ਦ (ਗਵਾਹ), ਗੁਫਰਾਨ (ਗਵਾਹ), ਮੁਹੰਮਦ ਅਲੀ ਸਾਜਨ (ਮੌਲਵੀ) ਅਤੇ ਈਸ਼ਵਰ ਪ੍ਰਸਾਦ (ਨੋਟਰੀ)। ਈਸ਼ਵਰ ਪ੍ਰਸਾਦ ਨੇ ਹੀ ਲੜਕੀ ਵਲੋਂ ਧਰਮ ਤਬਦੀਲੀ ਲਈ ਸਹੁੰ ਪੱਤਰ ਤਿਆਰ ਕੀਤਾ ਸੀ।

ਮੁੰਡੇ ਦਾ ਪਰਿਵਾਰ ਬੋਲਿਆ-ਤੁਹਾਡੀ ਇਜਾਜ਼ਤ ਦੀ ਨਹੀਂ ਹੈ ਲੋੜ

ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪਿਤਾ ਨੇ ਦੱਸਿਆ ਕਿ ਮੈਂ ਹਿੰਦੂ ਧਰਮ ਨੂੰ ਮੰਨਣ ਵਾਲਾ ਹਾਂ। ਇਕ ਸਾਲ ਪਹਿਲਾਂ ਜਾਵੇਦ, ਉਸ ਦੇ ਭਰਾ ਅਤੇ ਮਾਤਾ-ਪਿਤਾ ਉਨ੍ਹਾਂ ਦੇ ਘਰ ਵਿਆਹ (ਜਾਵੇਦ ਅਤੇ ਸੰਸਕ੍ਰਿਤੀ) ਦਾ ਪ੍ਰਸਤਾਵ ਲੈ ਕੇ ਆਏ ਸਨ। ਮੈਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਹਿੰਦੂ ਹਾਂ ਅਤੇ ਮੈਂ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ। ਉਹ ਜਾਂਦੇ-ਜਾਂਦੇ ਕਹਿ ਗਏ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ।

ਧੀ ਕਰਦੀ ਸੀ ਬੈਂਕ ’ਚ ਕੰਮ

ਪਿਤਾ ਧੀਰਜ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਇਕ ਪ੍ਰਾਈਵੇਟ ਬੈਂਕ ਵਿਚ ਕੰਮ ਕਰਦੀ ਸੀ। 28 ਅਕਤੂਬਰ ਨੂੰ ਸਵੇਰੇ 9.30 ਵਜੇ ਉਹ ਧੀ ਨੂੰ ਉਸ ਦੇ ਬੈਂਕ ਨੇੜੇ ਛੱਡ ਆਏ। ਬੈਂਕ ਛੱਡਣ ਦੇ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਇਆ ਕਿ ਸੰਸਕ੍ਰਿਤੀ ਅੱਜ ਬੈਂਕ ਨਹੀਂ ਆਈ ਹੈ। ਉਸ ਦਾ ਫੋਨ ਬੰਦ ਆ ਰਿਹਾ ਹੈ। ਉਸੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਮੇਰੀ ਧੀ ਦਾ ਧਰਮ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਵਿਆਹ ਮੁਸਲਿਮ ਨੌਜਵਾਨ ਨਾਲ ਕਰ ਦਿੱਤਾ ਗਿਆ ਹੈ। ਮੇਰੀ ਧੀ ਉਦੋਂ ਤੋਂ ਕਿੱਥੇ ਹੈ, ਮੈਨੂੰ ਨਹੀਂ ਪਤਾ। ਧਰਮ ਤਬਦੀਲ ਕਰਨ ਲਈ ਹਰਿਆਣਾ ਸਰਕਾਰ ਨੇ ਜੋ ਤੈਅ ਪ੍ਰਕਿਰਿਆ ਬਣਾਈ ਹੈ, ਜਾਵੇਦ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਵੀ ਪਾਲਣਾ ਨਹੀਂ ਕੀਤੀ। ਜੇਕਰ ਮੇਰੀ ਧੀ ਵੀ ਇਸ ਵਿਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ਼ ਵੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ।

ਧਰਮ ਤਬਦੀਲ ਦਾ ਹੈ ਇਹ ਨਿਯਮ

ਹਰਿਆਣਾ ਵਿਚ ਧਰਮ ਤਬਦੀਲ ਕਰਨ ਲਈ ਸਭ ਤੋਂ ਪਹਿਲਾਂ ਐੱਸ. ਡੀ. ਐੱਮ. ਦਫਤਰ ਵਿਚ ਧਰਮ ਤਬਦੀਲ ਲਈ ਅਰਜ਼ੀ ਦੇਣੀ ਪਵੇਗੀ। ਇਸ ਤੋਂ ਬਾਅਦ ਇਕ ਨੋਟਿਸ ਪੀਰੀਅਡ ਜਾਰੀ ਕੀਤਾ ਜਾਂਦਾ ਹੈ। ਇਸ ਨੋਟਿਸ ਪੀਰੀਅਡ ਦੌਰਾਨ ਪਰਿਵਾਰ ਵਾਲਿਆਂ ਨੂੰ ਧਰਮ ਤਬਦੀਲ ਅਤੇ ਉਸ ਦੇ ਖ਼ਿਲਾਫ਼ ਇਤਰਾਜ਼ ਦਰਜ ਕਰਵਾਉਣ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ’ਤੇ 5 ਸਾਲ ਤੱਕ ਦੀ ਸਜ਼ਾ ਅਤੇ 2 ਲੱਖ ਤੱਕ ਦਾ ਜੁਰਮਾਨਾ ਹੈ।

Add a Comment

Your email address will not be published. Required fields are marked *