SYL ਨਹਿਰ ਨੂੰ ਲੈ ਕੇ ਪੰਜਾਬ ਭਾਜਪਾ ਦਾ ਐਲਾਨ; 1 ਨਵੰਬਰ ਦੀ ਬਹਿਸ ਬਾਰੇ ਵੀ ਲਿਆ ਫ਼ੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਲੁਧਿਆਣਾ ਵਿਚ ਦਰਿਆਈ ਪਾਣੀਆਂ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਨੂੰ ਦਿੱਤੀ ਗਈ ਪ੍ਰਸਤਾਵਿਤ ਬਹਿਸ ਦਾ ਜਵਾਬ ਪੰਜਾਬ ਭਾਜਪਾ ਸਤਲੁਜ ਯਮੁਨਾ ਲਿੰਕ ਨਹਿਰ ’ਤੇ ਕਾਨਫਰੰਸ ਰਾਹੀਂ ਦੇਵੇਗੀ। ਇੱਥੇ ਸੂਬਾ ਭਾਜਪਾ ਦਫ਼ਤਰ ਵਿਚ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਦੱਸਿਆ ਕਿ ਕਾਨਫਰੰਸ ਵਿਚ ਪੰਜਾਬ ਭਰ ਵਿਚੋਂ ਸਿਆਸੀ ਪਾਰਟੀਆਂ ਅਤੇ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਿਆ ਜਾਵੇਗਾ। ਇਸ ਤੋਂ ਇਲਾਵਾ ਐੱਸ.ਵਾਈ.ਐੱਲ. ਨਹਿਰ ਦੇ ਨਿਰਮਾਣ ਨਾਲ ਪ੍ਰਭਾਵਿਤ ਹੋਣ ਵਾਲੇ ਸਮਾਜ ਦੇ ਸਾਰੇ ਵਰਗਾਂ ਨੂੰ ਸੱਦਾ ਦਿੱਤਾ ਜਾਵੇਗਾ।

ਉਨ੍ਹਾਂ ਸਪੱਸ਼ਟ ਕੀਤਾ ਕਿ 1 ਨਵੰਬਰ ਤੋਂ ਪਹਿਲਾਂ ਹੋਣ ਵਾਲੀ ਇਸ ਕਾਨਫਰੰਸ ਨੂੰ ਸਿਆਸੀ ਦਾਇਰੇ ਤੋਂ ਪਰੇ ਰੱਖਿਆ ਜਾਵੇਗਾ।ਪੰਜਾਬ ਭਾਜਪਾ ਕੋਰ ਗਰੁੱਪ ਦੀ ਬੈਠਕ ਵਿਚ ਮਤਾ ਪਾਸ ਕਰ ਕੇ ਕਿਹਾ ਗਿਆ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਪਾਣੀ ਦੀ ਘਾਟ ਕਾਰਨ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ। ਇਸ ਮਤੇ ਵਿਚ ਕੇਂਦਰ ਤੋਂ ਮੰਗ ਕੀਤੀ ਗਈ ਹੈ ਕਿ ਨਹਿਰੀ ਪਾਣੀ ਦੇ ਵਿਵਾਦ ਨੂੰ ਰਿਪੇਰੀਅਨ ਸਿਧਾਂਤ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਮਤੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਿਲੇ ਬਹੁਮਤ ਦਾ ਸਤਿਕਾਰ ਕਰਦੇ ਹੋਏ ਅਤੇ ਪੰਜਾਬ ਅਤੇ ਖਾਸ ਕਰ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ, ਨਹੀਂ ਤਾਂ ਕੁਰਸੀ ਛੱਡ ਦੇਣ।

ਕੋਰ ਗਰੁੱਪ ਦੀ ਬੈਠਕ ਵਿਚ ਜੰਗੀ ਲਾਲ ਮਹਾਜਨ, ਮਨੋਰੰਜਨ ਕਾਲੀਆ, ਸ਼ਵੇਤ ਮਲਿਕ, ਕੇਵਲ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਤੀਕਸ਼ਣ ਸੂਦ, ਦਿਨੇਸ਼ ਬੱਬੂ, ਹਰਦੀਪ ਗਰੇਵਾਲ, ਚਰਨਜੀਤ ਸਿੰਘ ਅਟਵਾਲ ਅਤੇ ਐੱਸ. ਵਿਰਕ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *