‘ਹਰੀ ਕ੍ਰਾਂਤੀ’ ਦੇ ਮੋਢੀ ਪ੍ਰਸਿੱਧ ਖੇਤੀ ਵਿਗਿਆਨੀ ਸਵਾਮੀਨਾਥਨ ਨਹੀਂ ਰਹੇ

ਚੇਨਈ- ਦੇਸ਼ ਦੀ ‘ਹਰੀ ਕ੍ਰਾਂਤੀ’ ‘ਚ ਅਹਿਮ ਯੋਗਦਾਨ ਦੇਣ ਵਾਲੇ ਮਸ਼ਹੂਰ ਖੇਤੀ ਵਿਗਿਆਨੀ ਐੱਮ.ਐੱਸ. ਸਵਾਮੀਨਾਥਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਤਿੰਨ ਧੀਆਂ ਹਨ। ਉਨ੍ਹਾਂ ਦੀ ਇਕ ਧੀ ਡਾ. ਸੌਮਿਆ ਸਵਾਮੀਨਾਥਨ, ਵਿਸ਼ਵ ਸਿਹਤ ਸੰਗਠਨ ਦੀ ਸਾਬਕਾ ਮੁੱਖ ਵਿਗਿਆਨੀ ਹੈ। ਸਵਾਮੀਨਾਥਨ ਦਾ ਪਿਛਲੇ ਕੁਝ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਅੱਜ ਸਵੇਰੇ 11.15 ਵਜੇ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀਨਾਥਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ। ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਏ.ਕੇ ਸਿੰਘ ਨੇ ਕਿਹਾ ਕਿ ਸਵਾਮੀਨਾਥਨ ਦੇ ਦੇਹਾਂਤ ਨਾਲ ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਥਾਰ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ, ਜੋ ਆਸਾਨ ਨਵੀਨਤਾ ਨਾਲ ਭਰਪੂਰ ਸੀ।

ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਪੋਸਟਾਂ ਦੀ ਇਕ ਲੜੀ ‘ਚ ਕਿਹਾ ਕਿ ਡਾ. ਐੱਮ.ਐਸ. ਸਵਾਮੀਨਾਥਨ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਸਾਡੇ ਦੇਸ਼ ਦੇ ਇਤਿਹਾਸ ਦੇ ਇਕ ਬਹੁਤ ਹੀ ਨਾਜ਼ੁਕ ਦੌਰ ‘ਚ ਖੇਤੀਬਾੜੀ ਖੇਤਰ ‘ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਸਾਡੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ‘ਚ ਉਨ੍ਹਾਂ ਦੇ ਕ੍ਰਾਂਤੀਕਾਰੀ ਯੋਗਦਾਨ ਤੋਂ ਇਲਾਵਾ ਸਵਾਮੀਨਾਥਨ ਇਕ ‘ਪਾਵਰਹਾਊਸ’ ਵੀ ਸਨ। ਖੋਜ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਲੋਕਾਂ ਲਈ ਇਕ ਪ੍ਰਤੀਨਿਧੀ ਵਜੋਂ ਉਨ੍ਹਾਂ ਦੀ ਭੂਮਿਕਾ ਨੇ ਅਣਗਿਣਤ ਵਿਗਿਆਨੀਆਂ ਅਤੇ ਖੋਜਕਾਰਾਂ ‘ਤੇ ਅਮਿੱਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਹਮੇਸ਼ਾ ਡਾ. ਸਵਾਮੀਨਾਥਨ ਨਾਲ ਆਪਣੀ ਗੱਲਬਾਤ ਨੂੰ ਹਮੇਸ਼ਾ ਸੰਜੋਕੇ ਰੱਖਾਂਗਾ।

ਦੱਸ ਦੇਈਏ ਕਿ ਸਵਾਮੀਨਾਥਨ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਨਾਲ ਸਬੰਧਤ ਹਰ ਮਹੱਤਵਪੂਰਨ ਪਹਿਲਕਦਮੀ ਦਾ ਹਿੱਸਾ ਸਨ ਅਤੇ ਪੌਸ਼ਟਿਕ ਸੁਰੱਖਿਆ ਲਈ ਮੋਟੇ ਅਨਾਜ ‘ਤੇ ਧਿਆਨ ਕੇਂਦਰਿਤ ਕਰਨ ‘ਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਹ 2007 ਤੋਂ 2013 ਤੱਕ ਰਾਜ ਸਭਾ ਮੈਂਬਰ ਵੀ ਰਹੇ।

Add a Comment

Your email address will not be published. Required fields are marked *