ਅਪ੍ਰੈਲ-ਜੁਲਾਈ ’ਚ ਕਾਰਪੋਰੇਟ ਟੈਕਸ ਕੁਲੈਕਸ਼ਨ 34 ਫੀਸਦੀ ਵਧੀ

ਨਵੀਂ ਦਿੱਲੀ  – ਆਮਦਨ ਕਰ ਵਿਭਾਗ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਕੰਪਨੀਆਂ ਦੀ ਆਮਦਨ ’ਤੇ ਵਸੂਲਿਆ ਜਾਣ ਵਾਲਾ ‘ਕਾਰਪੋਰੇਟ ਟੈਕਸ’ 34 ਫੀਸਦੀ ਵਧ ਗਿਆ ਹੈ। ਆਮਦਨ ਕਰ ਵਿਭਾਗ ਨੇ ਅਪ੍ਰੈਲ-ਜੁਲਾਈ ਦੌਰਾਨ ਕਾਰਪੋਰੇਟ ਟੈਕਸ ਕੁਲੈਕਸ਼ਨ ’ਚ ਹੋਏ ਵਾਧੇ ਦੀ ਜਾਣਕਾਰੀ ਟਵੀਟਰ ਰਾਹੀਂ ਦਿੱਤੀ। ਵਿਭਾਗ ਨੇ ਟੈਕਸ ਕੁਲੈਕਸ਼ਨ ਦੀ ਸਹੀ ਰਾਸ਼ੀ ਦਾ ਖੁਲਾਸਾ ਨਾ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2022-23 ’ਚ 31 ਜੁਲਾਈ 2022 ਤੱਕ ਦੀ ਕਾਰਪੋਰੇਟ ਟੈਕਸ ਕੁਲੈਕਸ਼ਨ ਪਿਛਲੇ ਵਿੱਤੀ ਸਾਲ ਦੀ ਤੁਲਨਾ ’ਚ 34 ਫੀਸਦੀ ਵੱਧ ਹੈ। ਵਿੱਤੀ ਸਾਲ 2021-22 ਦੌਰਾਨ ਕਾਰਪੋਰੇਟ ਟੈਕਸ ਦੀ ਕੁੱਲ ਕੁਲੈਕਸ਼ਨ 7.23 ਲੱਖ ਕਰੋੜ ਰੁਪਏ ਰਹੀ ਜੋ ਸਾਲ 2020-21 ਦੇ ਟੈਕਸ ਸੰਗ੍ਰਹ ਤੋਂ 58 ਫੀਸਦੀ ਵੱਧ ਹੈ।

ਵਿਭਾਗ ਨੇ ਕਿਹਾ ਕਿ ਟੈਕਸ ਕੁਲੈਕਸ਼ਨ ’ਚ ਵਾਧੇ ਦੇ ਹਾਂਪੱਖੀ ਰੁਝਾਨ ਚਾਲੂ ਵਿੱਤੀ ਸਾਲ ’ਚ ਵੀ ਜਾਰੀ ਹੈ। ਇਹ ਦਿਖਾਉਂਦਾ ਹੈ ਕਿ ਟੈਕਸ ਵਿਵਸਥਾ ਦਾ ਸਰਲੀਕਰਨ ਅਤੇ ਬਿਨਾਂ ਕਿਸੇ ਛੋਟ ਦੇ ਟੈਕਸ ਦਰਾਂ ’ਚ ਕਟੌਤੀ ਲਈ ਉਠਾਏ ਗਏ ਕਦਮ ਮਦਦਗਾਰ ਰਹੇ ਹਨ। ਆਮਦਨ ਕਰ ਵਿਭਾਗ ਨੇ ਇਸ ਅੰਕੜੇ ਨਾਲ ਕਾਰਪੋਰੇਟ ਟੈਕਸ ਦੀਆਂ ਦਰਾਂ ’ਚ 2019 ’ਚ ਕੀਤੀ ਗਈ ਕਟੌਤੀ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਆਲੋਚਨਾਵਾਂ ਦਾ ਜਵਾਬ ਦੇਣ ਦਾ ਯਤਨ ਕੀਤਾ ਹੈ।

ਆਲੋਚਕਾਂ ਨੇ ਕਿਹਾ ਸੀ ਕਿ ਕੰਪਨੀਆਂ ਲਈ ਟੈਕਸ ਦਰਾਂ ਘੱਟ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚੇਗਾ ਅਤੇ ਇਸ ਦਾ ਅਸਰ ਸਮਾਜ ਕਲਿਆਣ ਯੋਜਨਾਵਾਂ ’ਤੇ ਹੋਣ ਵਾਲੇ ਸਰਕਾਰੀ ਖਰਚ ’ਤੇ ਪਵੇਗਾ। ਸਰਕਾਰ ਨੇ ਸਤੰਬਰ 2019 ’ਚ ਕੰਪਨੀਆਂ ਨੂੰ 30 ਫੀਸਦੀ ਦੀ ਟੈਕਸ ਦਰ ਤੋਂ 22 ਫੀਸਦੀ ਟੈਕਸ ਦਰ ’ਚ ਆਉਣ ਦਾ ਬਦਲ ਦਿੱਤਾ ਸੀ ਪਰ ਇਸ ਲਈ ਕੋਈ ਛੋਟ ਨਾ ਮਿਲਣ ਦੀ ਸ਼ਰਤ ਰੱਖੀ ਗਈ ਸੀ।

Add a Comment

Your email address will not be published. Required fields are marked *