ਮਹਾਰਾਸ਼ਟਰ ‘ਚ ਇਮਾਰਤ ਡਿੱਗਣ ਨਾਲ 8 ਮਹੀਨੇ ਦੀ ਬੱਚੀ ਦੀ ਮੌਤ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨ ਰਾਤ ਨੂੰ ਇਕ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਨਾਲ ਇਕ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਭਿਵੰਡੀ ਸ਼ਹਿਰ ਦੇ ਧੋਬੀ ਤਲਾਵ ਇਲਾਕੇ ਵਿਚ ਦੁਰਗਾ ਰੋਡ ‘ਤੇ ਸਥਿਤ 6 ਫਲੈਟਾਂ ਵਾਲੀ ਇਕ ਮੰਜ਼ਿਲਾ ਇਮਾਰਤ ਦੇਰ ਰਾਤ 12 ਵਜ ਕੇ 35 ਮਿੰਟ ‘ਤੇ ਢਹਿ ਗਈ। 

ਤੜਵੀ ਮੁਤਾਬਕ ਘਟਨਾ ਦੀ ਸੂਚਨਾ ਮਿਲਣ ‘ਤੇ ਠਾਣੇ ਆਫ਼ਤ ਮੋਚਨ ਬਲ ਦੀ ਇਕ ਟੀਮ ਅਤੇ ਭਿਵੰਡੀ ਨਿਜ਼ਾਮਪੁਰ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਰਾਤ ਦੇ ਹਨ੍ਹੇਰੇ ਵਿਚ ਮੁਹਿੰਮ ਚਲਾਈ ਗਈ ਅਤੇ ਮਲਬੇ ਹੇਠੋਂ 7 ਲੋਕਾਂ ਨੂੰ ਕੱਢਿਆ ਗਿਆ। ਤੜਵੀ ਮੁਤਾਬਕ ਹਾਦਸੇ ਵਿਚ 8 ਮਹੀਨੇ ਦੀ ਇਕ ਬੱਚੀ ਤਸਲੀਮਾ ਮੂਸਰ ਅਤੇ 40 ਸਾਲਾ ਔਰਤ ਉਜ਼ਮਾ ਆਤਿਫ ਮੋਮੀਨ ਦੀ ਮੌਤ ਹੋ ਗਈ, ਜਦਕਿ 5 ਹੋਰ ਲੋਕਾਂ ਨੂੰ ਜ਼ਖ਼ਮੀ ਹਾਲਤ ‘ਚ ਸਥਾਨਕ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ‘ਚ 4 ਔਰਤਾਂ ਅਤੇ 65 ਸਾਲਾ ਇਕ ਪੁਰਸ਼ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

ਅਧਿਕਾਰੀ ਮੁਤਾਬਕ ਘਟਨਾ ਵਾਲੀ ਥਾਂ ‘ਤੇ ਤਲਾਸ਼ ਅਤੇ ਬਚਾਅ ਮੁਹਿੰਮ ਤੋਂ ਇਲਾਵਾ ਮਲਬਾ ਹਟਾਉਣ ਦਾ ਕੰਮ ਤੜਕੇ 3 ਵਜ ਕੇ 30 ਮਿੰਟ ਦੇ ਆਲੇ-ਦੁਆਲੇ ਪੂਰਾ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਮਾਰਤ ਕਿੰਨੀ ਪੁਰਾਣੀ ਸੀ ਅਤੇ ਕੀ ਇਹ ਖ਼ਤਰਨਾਕ ਭਵਨਾਂ ਦੀ ਸੂਚੀ ‘ਚ ਸ਼ਾਮਲ ਸੀ।

Add a Comment

Your email address will not be published. Required fields are marked *