ਸਿੱਕਮ ‘ਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਡਿੱਗੀਆਂ ਢਿੱਗਾਂ

ਪੱਛਮੀ ਸਿੱਕਮ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਸ ਨਾਲ ਸੌ ਤੋਂ ਵੱਧ ਘਰ ਤਬਾਹ ਹੋ ਗਏ। ਲਗਾਤਾਰ ਮੀਂਹ ਨੇ ਸੂਬੇ ਦੀਆਂ ਕਈ ਸੜਕਾਂ, ਪੁਲੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਭਾਰੀ ਮੀਂਹ ਕਾਰਨ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਉੱਤਰ-ਪੂਰਬੀ ਭਾਰਤ ‘ਚ ਅਗਲੇ 3 ਦਿਨਾਂ ਲਈ ਭਾਰੀ ਮੀਂਹ ਅਤੇ ਤੂਫ਼ਾਨ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਖ਼ਬਰਾਂ ਮੁਤਾਬਕ ਉੱਤਰੇ ਨੂੰ ਸੋਪਖਾ ਨਾਲ ਜੋੜਨ ਵਾਲੀ ਸੜਕ ਅਤੇ 2 ਪੁਲ ਪੂਰੀ ਤਰ੍ਹਾਂ ਰੁੜ੍ਹ ਗਏ ਹਨ। ਨੇੜਲੇ ਟਰਾਊਟ ਮੱਛੀ ਅਤੇ ਪੋਲਟਰੀ ਫਾਰਮ ਵੀ ਰੁੜ੍ਹ ਗਏ। ਇਸੇ ਤਰ੍ਹਾਂ ਡੈਂਟਮ ਤੋਂ ਪੇਲਿੰਗ ਅਤੇ ਗਿਲਸ਼ਿੰਗ ਨੂੰ ਜੋੜਨ ਵਾਲੀ ਸੜਕ ਕਾਲਾਝਾੜ ਨਦੀ ਵਿੱਚ ਵਹਿ ਗਈ। ਨਦੀ ਦੇ ਪਾਣੀ ਦਾ ਪੱਧਰ ਵਧਣ ਨਾਲ ਇਕ ਕੱਚਾ ਮਕਾਨ, ਇਕ ਸੀਮੈਂਟ ਦੀ ਇਮਾਰਤ, 2 ਸ਼ਮਸ਼ਾਨਘਾਟ ਅਤੇ ਇਕ ਖੁਦਾਈ ਕਰਨ ਵਾਲੀ ਮਸ਼ੀਨ ਵੀ ਵਹਿ ਗਈ ਪਰ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਰਾਮਮ ਨਦੀ ‘ਚ ਆਏ ਪਾਣੀ ਨੇ ਪੱਛਮੀ ਬੰਗਾਲ ਨੂੰ ਜੋੜਨ ਵਾਲੇ ਸਰਹੱਦੀ ਖੇਤਰਾਂ ਦੇ ਸਾਰੇ ਅਸਥਾਈ ਪੁਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ੁੱਕਰਵਾਰ ਨੂੰ ਲਾਚੇਨ, ਲਾਚੁੰਗ ਅਤੇ ਚੁੰਗਥਾਂਗ ਘਾਟੀਆਂ ‘ਚ ਭਾਰੀ ਮੀਂਹ ਕਾਰਨ ਉੱਤਰੀ ਸਿੱਕਮ ਜ਼ਿਲ੍ਹਾ ਹੈੱਡਕੁਆਰਟਰ ਮਾਂਗਨ ਤੋਂ ਚੁੰਗਥਾਂਗ ਜਾਣ ਵਾਲੀ ਸੜਕ ਪਾਣੀ ‘ਚ ਰੁੜ੍ਹ ਗਈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਦੂਜੇ ਪਾਸੇ ਫ਼ੌਜ ਨੇ ਅੱਜ ਵੀ ਚੁੰਗਥਾਂਗ ਵਿੱਚ ਫਸੇ ਸੈਲਾਨੀਆਂ ਨੂੰ ਕੱਢਣ ਦਾ ਕੰਮ ਜਾਰੀ ਰੱਖਿਆ। ਕਰੀਬ 300 ਸੈਲਾਨੀਆਂ ਨੂੰ ਬਾਹਰ ਕੱਢਿਆ ਗਿਆ।

Add a Comment

Your email address will not be published. Required fields are marked *